kisan mazdoor sangharsh committee : ਅੱਜ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ‘ਤੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ 70ਵਾਂ ਦਿਨ ਹੈ। ਇਸ ਅੰਦੋਲਨ ਦੇ ਸਮਰਥਨ ਵਿੱਚ ਬੁੱਧਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ ਇੱਕ ਮਹਾਂ ਪੰਚਾਇਤ ਹੋਈ ਹੈ। ਉੱਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਹੈ ਕਿ ਅੱਜ ਸਵੇਰੇ ਕਿਸਾਨ ਜੋਗਿੰਦਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਪਿੰਡ ਡੱਲ, ਜੋਨ ਭਗਤ ਸੈਨ ਜਿਲ੍ਹਾ ਤਰਨਤਾਰਨ ਰੱਬ ਨੂੰ ਪਿਆਰਾ ਹੋ ਗਿਆ। ਤਕਰੀਬਨ ਡੇਢ ਸੌ ਤੋਂ ਉੱਪਰ ਕਿਸਾਨਾਂ-ਮਜ਼ਦੂਰਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ, ਪਰ ਫਾਸ਼ੀਵਾਦੀ ਵਿਚਾਰਾਂ ਵਾਲੀ ਕੇਂਦਰ ਦੀ ਸਰਕਾਰ ਵੱਡੇ-ਪੂੰਜੀਪਤੀਆਂ ਦੇ ਹੱਕ ਵਿੱਚ ਖੜ੍ਹੀ ਹੈ। ਅਗਲੀਆਂ ਚੋਣਾਂ ਵਿੱਚ ਭਾਜਪਾ ਕਾਰਪੋਰੇਟ ਘਰਾਣਿਆਂ ਤੋਂ ਪੈਸਾ ਲੈ ਕੇ ਪ੍ਰਚਾਰ ਮਾਧਿਅਮ, ਧਨ-ਬਲ, ਬਾਹੂ-ਬਲ ਦੀ ਦੁਰਵਰਤੋਂ ਕਰਕੇ ਆਉਣ ਵਾਲੀਆਂ ਸੁਬਾਈ ਚੋਣਾਂ ਜਿੱਤਣ ਦੇ ਸੁਪਨੇ ਲੈ ਰਹੀ ਹੈ। ਜਿਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ।
ਛੋਟੀ ਕਮੇਟੀ ਸਬੰਧੀ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਅੰਦਰਖਾਤੇ ਕਿਸਾਨਾਂ ਨੂੰ ਦਬਾਉਣ ਦੀ ਕੇਂਦਰ ਦੀ ਸਾਜਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਸਾਰੀਆਂ ਜਥੇਬੰਦੀਆਂ ਦੇ ਅਨੁਸਾਰ ਖੇਤੀ ਦੇ ਤਿੰਨ ਕਾਨੂੰਨ ਰੱਦ ਕਰਵਾਉਣਾ, ਫਸਲਾਂ ਦੀ ਸਰਕਾਰੀ ਖਰੀਦ ਵਾਲਾ ਕਾਨੂੰਨ ਬਣਾਉਣਾ(MSP), ਜਿਹੜੀਆਂ ਦੋ ਮੰਗਾਂ ਸਰਕਾਰ ਮੰਨਣ ਦਾ ਦਾਅਵਾ ਕਰਦੀ ਹੈ, ਉਸਦੀ ਕਾਨੂੰਨੀ ਗਾਰੰਟੀ ਸਰਕਾਰ ਕੋਲੋਂ ਲੈਣਾ ਮੁਢਲੀ ਗੱਲ ਹੈ। ਜਸਵੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਪਾਣੀ, ਬਾਥਰੂਮ, ਸਫਾਈ ਆਦਿ ਸਬੰਧੀ ਪੁਲਸ ਨੇ ਬੰਦ ਕੀਤੀਆਂ ਸਹੂਲਤਾਂ ਨੂੰ ਮੁੜ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ। ਪੈਟਰੋਲ ਪੰਪਾਂ, ਲੰਗਰ ਤੋਂ ਬੈਰੀਕੇਡ ਹਟਾਉਣ, ਨਰੇਲਾ ਤੋਂ ਆਵਾਜਾਈ ਦੇ ਸਾਧਨਾਂ ਦੀ ਬਹਾਲੀ ਕਰਨ ਸਬੰਧੀ ਪੁਲਸ ਨਾਲ ਗੱਲਬਾਤ ਚੱਲ ਰਹੀ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਗਿਰਫ਼ਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ। ਸ਼ਾਂਤਮਈ ਬੈਠੇ ਕਿਸਾਨਾਂ ਉਤੇ ਹਮਲਾਵਰਾਂ ਵੱਲੋਂ ਕੀਤੇ ਹਮਲਿਆਂ ਦੇ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ, ਜਿਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ। 4 ਫਰਵਰੀ ਨੂੰ ਸ਼ਹੀਦ ਨਵਰੀਤ ਸਿੰਘ ਦਾ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ, ਅਤੇ ਸ਼ਾਮ ਨੂੰ ਮੋਮਬੱਤੀ ਮਾਰਚ ਵੀ ਕੱਢਿਆ ਜਾਵੇਗਾ।