kuwait indians travel not allow: ਕੋਰੈਨਾ ਵਾਇਰਸ ਸੰਕਟ ਕਾਰਨ ਕੁਵੈਤ ਨੇ ਇੱਕ ਵੱਡਾ ਫੈਸਲਾ ਲਿਆ ਹੈ। ਲੰਬੇ ਸਮੇਂ ਬਾਅਦ ਕੁਵੈਤ ਨੇ ਆਪਣੇ ਦੇਸ਼ ਤੋਂ ਯਾਤਰਾ ਦੀ ਪਾਬੰਦੀ ਹਟਾ ਦਿੱਤੀ, ਪਰ ਕੁੱਝ ਦੇਸ਼ਾਂ ਦੇ ਲੋਕਾਂ ਦੇ ਦਾਖਲੇ ‘ਤੇ ਅਜੇ ਵੀ ਪਾਬੰਦੀ ਜਾਰੀ ਹੈ। ਭਾਰਤ ਦੇ ਲੋਕਾਂ ਉੱਤੇ ਵੀ ਪਾਬੰਦੀ ਜਾਰੀ ਹੈ। ਯਾਨੀ ਕਿ ਭਾਰਤੀ ਨਾਗਰਿਕ ਕੁਵੈਤ ‘ਚ ਦਾਖਲ ਨਹੀਂ ਹੋ ਸਕਣਗੇ। ਦਰਅਸਲ, ਕੁਵੈਤ ਨੇ ਕੋਰੋਨਾ ਸੰਕਟ ਕਾਰਨ ਮਾਰਚ ਤੋਂ ਹੀ ਕੌਮਾਂਤਰੀ ਹਵਾਈ ਜਹਾਜ਼ਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਇਹ ਸੇਵਾ 1 ਅਗਸਤ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਕੁੱਲ ਸੱਤ ਦੇਸ਼ਾਂ ਦੇ ਨਾਗਰਿਕਾਂ ਦੇ ਕੁਵੈਤ ਵਿੱਚ ਦਾਖਲ ਹੋਣ ਤੇ ਪਾਬੰਦੀ ਹੈ। ਇਨ੍ਹਾਂ ਸੱਤ ਦੇਸ਼ਾਂ ਵਿੱਚ ਬੰਗਲਾਦੇਸ਼, ਫਿਲੀਪੀਨਜ਼, ਭਾਰਤ, ਸ਼੍ਰੀ ਲੰਕਾ, ਪਾਕਿਸਤਾਨ, ਈਰਾਨ ਅਤੇ ਨੇਪਾਲ ਸ਼ਾਮਿਲ ਹਨ। ਦੱਸ ਦਈਏ ਕਿ ਦੱਖਣੀ ਏਸ਼ੀਆ ਦੇ ਇਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਹਨ ਅਤੇ ਜ਼ਿਆਦਾਤਰ ਮਜ਼ਦੂਰ ਅਤੇ ਕਾਮੇ ਇੱਥੋਂ ਕੁਵੈਤ ਜਾਂਦੇ ਹਨ। ਕੁਵੈਤ ਦੇ ਇਸ ਫੈਸਲੇ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਅਜੇ ਅਧਿਕਾਰਤ ਤੌਰ’ ਤੇ ਸਾਹਮਣੇ ਨਹੀਂ ਆਈ ਹੈ।
29 ਜੁਲਾਈ ਤੱਕ ਕੁਵੈਤ ਵਿੱਚ ਕੋਰੋਨਾ ਵਾਇਰਸ ਦੇ ਲੱਗਭਗ 66,000 ਕੇਸ ਸਨ। ਹੁਣ ਤੱਕ 400 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਪੰਜਾਹ ਹਜ਼ਾਰ ਤੋਂ ਵੱਧ ਲੋਕ ਠੀਕ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕੁਵੈਤ ਵਿੱਚ ਕੰਮ ਕਰ ਰਹੇ ਲੱਗਭਗ 8 ਲੱਖ ਭਾਰਤੀਆਂ ਨੂੰ ਇੱਕ ਵੱਡਾ ਝਟਕਾ ਲੱਗਾ ਸੀ। ਕੁਵੈਤ ਦੀ ਨੈਸ਼ਨਲ ਅਸੈਂਬਲੀ ਦੀ ਕਾਨੂੰਨੀ ਅਤੇ ਵਿਧਾਨਸਭਾ ਕਮੇਟੀ ਨੇ ਪ੍ਰਵਾਸੀ ਕੋਟੇ ਦੇ ਬਿੱਲ ਨੂੰ ਤਿਆਰ ਕਰਨ ਦੀ ਆਗਿਆ ਦੇ ਦਿੱਤੀ ਸੀ। ਇਸ ਦੇ ਤਹਿਤ ਕੁਵੈਤ ਵਿੱਚ ਵਿਦੇਸ਼ਾਂ ਤੋਂ ਕੰਮ ਕਰਨ ਆਉਣ ਵਾਲੇ ਲੋਕਾਂ ਦੀ ਗਿਣਤੀ ਸੀਮਤ ਰਹੇਗੀ। ਬਿੱਲ ਨੇ ਪ੍ਰਸਤਾਵ ਦਿੱਤਾ ਸੀ ਕਿ ਕਿਸੇ ਵੀ ਦੇਸ਼ ਦੇ ਲੋਕਾਂ ਦੀ ਆਬਾਦੀ ਕੁਵੈਤ ਦੀ ਕੁੱਲ ਆਬਾਦੀ ਦੇ 15 ਫ਼ੀਸਦੀ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਵੇਲੇ ਕੁਵੈਤ ਵਿੱਚ ਲੱਗਭਗ 15 ਲੱਖ ਭਾਰਤੀ ਰਹਿੰਦੇ ਹਨ, ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਲੱਗਭਗ 8 ਲੱਖ ਭਾਰਤੀਆਂ ਨੂੰ ਕੁਵੈਤ ਤੋਂ ਵਾਪਿਸ ਆਉਣਾ ਪੈ ਸਕਦਾ ਹੈ।