Language of BJP MPs Did not change: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸੇ ਵਿਚਾਲੇ ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਭਾਜਪਾ ਦੇ ਸੰਸਦ ਮੈਂਬਰ ਸੰਜੀਵ ਬਾਲਿਆਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਭਾਜਪਾ ਦੇ ਸੰਸਦ ਮੈਂਬਰ ਸੰਜੀਵ ਬਾਲਿਆਨ ਕੇਂਦਰ ਵੱਲੋਂ ਲਗਾਤਾਰ ਕਿਸਾਨਾਂ ਅਤੇ ਜਾਟ ਭਾਈਚਾਰੇ ਨੂੰ ਆਪਣੇ ਹੱਕ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ । ਉਨ੍ਹਾਂ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਜੇ ਇੱਕ ਵੀ ਕਿਸਾਨ ਦੀ ਜ਼ਮੀਨ ਗਈ ਤਾਂ ਮੈਂ ਸਭ ਤੋਂ ਪਹਿਲਾਂ ਅਸਤੀਫ਼ਾ ਦੇ ਦੇਵਾਂਗਾ। ਮੁਜ਼ੱਫਰਨਗਰ ਤੋਂ ਭਾਜਪਾ ਸੰਸਦ ਮੈਂਬਰ ਬਾਲੀਆਂ ਮੁਜ਼ੱਫਰਨਗਰ ਦੇ ਸਰਕਾਰੀ ਇੰਟਰ ਕਾਲਜ ਵਿਖੇ ਹਿੰਦੂ ਮਜ਼ਦੂਰ ਕਿਸਾਨ ਸੰਮਤੀ ਵੱਲੋਂ ਆਯੋਜਿਤ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ।
ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਹੁਣ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨਾਂ ਨੂੰ ਇੱਕ ਨਵਾਂ ਫਾਰਮੂਲਾ ਦਿੱਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਹਰ ਪਿੰਡ ਤੋਂ ਇੱਕ ਟਰੈਕਟਰ ‘ਤੇ 15 ਲੋਕ ਦਸ ਦਿਨਾਂ ਲਈ ਅੰਦੋਲਨ ਵਿੱਚ ਆਉਣ ਤਾਂ ਇਸ ਨਾਲ ਅੰਦੋਲਨ ਲੰਬਾ ਚੱਲੇਗਾ।
ਇਸ ਤੋਂ ਅੱਗੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਫਾਰਮੂਲੇ ਨਾਲ ਕਿਸਾਨ ਨੂੰ ਇਹ ਫਾਇਦਾ ਹੋਵੇਗਾ ਕਿ ਉਹ ਪਿੰਡ ਵਾਪਸ ਜਾ ਕੇ ਆਪਣੀ ਖੇਤੀ ਵੀ ਕਰ ਸਕੇਗਾ। ਗੌਰਤਲਬ ਹੈ ਕਿ ਟਿਕਟ ਹਮੇਸ਼ਾਂ ਹੀ ਆਪਣੇ ਸੰਬੋਧਨਾਂ ਵਿੱਚ ਸਰਕਾਰ ‘ਤੇ ਹਮਲਾਵਰ ਦਿਖਾਈ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜੋ ਅੰਦੋਲਨ ਹੋਵੇਗਾ, ਇਸ ਵਿੱਚ ਕਿਤੇ ਬੈਰੀਕੇਡਿੰਗ ਨਹੀਂ ਹੋਣੀ ਚਾਹੀਦੀ। ਜੇਕਰ ਅਜਿਹਾ ਹੁੰਦਾ ਵੀ ਹੈ ਤਾਂ ਉਸਨੂੰ ਤੋੜ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ 26 ਨਵੰਬਰ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਐਮਐਸਪੀ ਲਾਗੂ ਕੀਤੀ ਜਾਵੇ। ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਜਨਵਰੀ ਤੋਂ ਬਾਅਦ ਇਹ ਗੱਲਬਾਤ ਰੁਕੀ ਹੋਈ ਹੈ।
ਇਹ ਵੀ ਦੇਖੋ: ਸਰਦੂਲ ਸਿਕੰਦਰ ਦਾ ਅੰਤਿਮ ਅਰਦਾਸ ਸਮਾਗਮ LIVE , ਅਜੇ ਵੀ ਨਹੀਂ ਸੁੱਕੇ ਨੂਰੀ ਦੇ ਹੰਝੂ, ਪਹਿਲੀ ਝਲਕ…