Maharashtra government allows Gyms: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਇਸੇ ਵਿਚਾਲੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜ ਵਿੱਚ ਦੁਸਹਿਰੇ ਦੇ ਦਿਨ ਤੋਂ ਜਿਮ ਅਤੇ ਫਿੱਟਨੈੱਸ ਸੈਂਟਰ ਨੂੰ ਮੁੜ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਜਿੰਮ ਅਤੇ ਫਿੱਟਨੈੱਸ ਸੈਂਟਰ ਦੇ ਨੁਮਾਇੰਦਿਆਂ ਨਾਲ ਇੱਕ ਆਨਲਾਈਨ ਬੈਠਕ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜ਼ੁੰਬਾ ਅਤੇ ਯੋਗਾ, ਸਟੀਮ ਅਤੇ ਸੌਨਾ ਸਹੂਲਤਾਂ ਵਰਗੀਆਂ ਸਮੂਹਿਕ ਗਤੀਵਿਧੀਆਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ, ‘ਜਿਮ ਅਤੇ ਫਿੱਟਨੈੱਸ ਸੈਂਟਰ ਲੋਕਾਂ ਦੀ ਬਿਹਤਰੀ ਲਈ ਹੈ, ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਲਾਗ ਨਹੀਂ ਫੈਲਦੀ। ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਪਾਬੰਦੀਆਂ ਨੂੰ ਸੂਬਾ ਸਰਕਾਰ ਹੌਲੀ-ਹੌਲੀ ਹਟਾਉਣ ਲਈ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸੁਰੱਖਿਆ ਉਪਾਅ ਕੀਤੇ ਜਾਣੇ ਚਾਹੀਦੇ ਹਨ ਜਿਸ ਵਿੱਚ ਹਰ ਘੰਟੇ ਅਹਾਤੇ ਨੂੰ ਸੰਕਰਮਣ-ਮੁਕਤ ਕੀਤਾ ਜਾਣਾ, ਸਮਾਜਿਕ ਮੇਲ-ਮਿਲਾਪ ਦੀ ਦੂਰੀ, ਸਵੱਛਤਾ ਅਤੇ ਮਾਸਕ ਦੀ ਵਰਤੋਂ ਤੋਂ ਰਹਿਤ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਟ੍ਰੇਨਰਾਂ ਅਤੇ ਕਰਮਚਾਰੀਆਂ ਦੀ ਸਿਹਤ ਦੀ ਨਿਯਮਤ ਅੰਤਰਾਲਾਂ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਦੱਸ ਦੇਈਏ ਸ਼ਨੀਵਾਰ ਨੂੰ ਮਹਾਂਰਾਸ਼ਟਰ ਵਿੱਚ 10,259 ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ, ਜਦਕਿ 250 ਹੋਰ ਮਰੀਜ਼ਾਂ ਦੀ ਲਾਗ ਨਾਲ ਮੌਤ ਹੋ ਗਈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜ ਵਿੱਚ ਸੰਕਰਮਣ ਦੇ ਕੁੱਲ ਮਾਮਲੇ 15,86,321 ਹੋ ਗਏ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 41,965 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 14,238 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ, ਜਿਸ ਨਾਲ ਹੁਣ ਤੱਕ 13,58,606 ਵਿਅਕਤੀ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ। ਇਸ ਵੇਲੇ ਰਾਜ ਵਿੱਚ ਕੋਰੋਨਾ ਵਾਇਰਸ ਦੇ 1,85,270 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।