Maharashtra hospital fire: ਮਹਾਂਰਾਸ਼ਟਰ ਦੇ ਭੰਡਾਰਾ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸਰਕਾਰੀ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ । ਇਹ ਅੱਗ ਬੀਮਾਰ ਨਵਜੰਮੇ ਬੱਚਿਆਂ ਲਈ ਬਣੇ ICU ਯਾਨੀ ਕਿ SNCU ਵਿੱਚ ਲੱਗੀ। ਇਹ ਅੱਗ ਰਾਤ 2 ਵਜੇ ਲੱਗੀ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਇਸ ਅੱਗ ਤੋਂ 7 ਬੱਚਿਆਂ ਨੂੰ ਬਚਾ ਲਿਆ ਗਿਆ ਹੈ।
ਅੱਗ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ, ਪਰ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਸ਼ਾਰਟ ਸਰਕਟ ਨੂੰ ਅੱਗ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ‘ਤੇ ਪੀਐੱਮ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੁੱਖ ਪ੍ਰਗਟਾਇਆ ਹੈ ।
ਇਸ ਮਾਮਲੇ ਵਿੱਚ ਪੀਐਮ ਮੋਦੀ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਪੀਐੱਮ ਮੋਦੀ ਨੇ ਆਪਣੇ ਟਵੀਟ ਵਿੱਚ ਕਿਹਾ, ‘ਮਹਾਂਰਾਸ਼ਟਰ ਦੇ ਭੰਡਾਰਾ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ, ਜਿਸ ਵਿੱਚ ਅਸੀਂ ਕੀਮਤੀ ਨੌਜਵਾਨਾਂ ਦੀਆਂ ਜਾਨਾਂ ਗੁਆ ਦਿੱਤੀਆਂ ਹਨ । ਸਾਰੇ ਦੁਖੀ ਪਰਿਵਾਰਾਂ ਨਾਲ ਮੇਰਾ ਸੋਗ ਹੈ । ਮੈਨੂੰ ਉਮੀਦ ਹੈ ਕਿ ਜ਼ਖਮੀ ਜਲਦੀ ਠੀਕ ਹੋ ਜਾਣਗੇ।’
ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਦੁੱਖ ਜ਼ਾਹਰ ਕਰਦਿਆਂ ਲਿਖਿਆ, ‘ਮਹਾਂਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਹਸਪਤਾਲ ਵਿੱਚ ਵਾਪਰਿਆ ਅੱਗ ਹਾਦਸਾ ਬਹੁਤ ਮੰਦਭਾਗਾ ਹੈ। ਦੁਖੀ ਪਰਿਵਾਰਾਂ ਨਾਲ ਮੇਰਾ ਸੋਗ । ਪ੍ਰਮਾਤਮਾ ਉਨ੍ਹਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦੀ ਤਾਕਤ ਦੇਵੇ।’
ਉੱਥੇ ਹੀ ਰਾਹੁਲ ਗਾਂਧੀ ਨੇ ਵੀ ਇਸ ਘਟਨਾ ‘ਤੇ ਸੋਗ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, ‘ਹਸਪਤਾਲ ਵਿੱਚ ਅੱਗ ਲੱਗਣ ਦੀ ਮੰਦਭਾਗੀ ਘਟਨਾ ਬਹੁਤ ਦੁਖਦ ਘਟਨਾ ਹੈ। ਉਨ੍ਹਾਂ ਬੱਚਿਆਂ ਦੇ ਪਰਿਵਾਰਾਂ ਪ੍ਰਤੀ ਮੇਰਾ ਸੋਗ, ਜਿਨ੍ਹਾਂ ਨੇ ਆਪਣੀ ਜਾਨ ਗੁਆਈ। ਮੈਂ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ।’
ਇਹ ਵੀ ਦੇਖੋ: ਘਰਦਿਆਂ ਦੀ ਹੱਲਾਸ਼ੇਰੀ ਤੇ NRI ਵੀਰਾਂ ਦੀ ਮੱਦਦ ਨਾਲ ਟਿਕਰੀ ਬਾਰਡਰ ‘ਤੇ ਖੋਲ੍ਹੀ ਦਰਜ਼ੀ ਦੀ ਦੁਕਾਨ,,,