Maharashtra Lockdown: ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਸ਼ਨੀਵਾਰ ਤੇ ਐਤਵਾਰ ਨੂੰ ਔਰੰਗਾਬਾਦ ਵਿੱਚ ਪੂਰਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਔਰੰਗਾਬਾਦ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਸੰਕਰਮਣ ਮਾਮਲਿਆਂ ਦੀ ਕੁੱਲ ਗਿਣਤੀ 57755 ਹੈ, ਜਿਨ੍ਹਾਂ ਵਿਚੋਂ 5,569 ਕੇਸ ਐਕਟਿਵ ਹਨ।
ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਕਰਫਿਊ ਸ਼ਨੀਵਾਰ ਅੱਧੀ ਰਾਤ ਤੋਂ ਸ਼ੁਰੂ ਹੋਵੇਗਾ ਅਤੇ ਸੋਮਵਾਰ ਨੂੰ ਸਵੇਰੇ 6 ਵਜੇ ਖ਼ਤਮ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਇਨ੍ਹਾਂ ਹੱਦਾਂ ਤੋਂ ਬਾਹਰ ਤਿੰਨ ਕਿਲੋਮੀਟਰ ਦੇ ਖੇਤਰ ਵਿੱਚ ਕਰਫਿਊ ਲਾਗੂ ਕੀਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਦਫਤਰਾਂ, ਮੈਡੀਕਲ ਸਟੋਰਾਂ, ਹਸਪਤਾਲਾਂ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਲੱਗੇ ਵਾਹਨਾਂ ਨੂੰ ਕਰਫਿਊ ਤੋਂ ਛੋਟ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸਵੇਰੇ ਛੇ ਵਜੇ ਤੋਂ ਸਵੇਰੇ ਨੌਂ ਵਜੇ ਤੱਕ ‘ਹੋਮ ਡਿਲੀਵਰੀ’ ਮਨਜ਼ੂਰ ਹੋਵੇਗੀ। ਉਨ੍ਹਾਂ ਦੱਸਿਆ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੂਜਾ ਸਥਾਨ 31 ਮਾਰਚ ਤੱਕ ਬੰਦ ਰਹਿਣਗੇ।
ਦਰਅਸਲ, ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ 15,817 ਨਵੇਂ ਕੇਸ ਸਾਹਮਣੇ ਆਏ ਹਨ । ਲਗਾਤਾਰ ਤੀਜੇ ਦਿਨ ਇਸ ਸਾਲ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ । ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਸੰਕਰਮਣ ਦੇ ਕੁੱਲ ਮਾਮਲੇ ਵੱਧ ਕੇ 22,82,191 ਹੋ ਗਏ, ਜਦੋਂ ਕਿ ਮੌਤ ਦੀ ਗਿਣਤੀ 52,723 ਤੱਕ ਪਹੁੰਚ ਗਈ ਹੈ।
ਦੱਸ ਦੇਈਏ ਕਿ ਪਿਛਲੇ ਸਾਲ 2 ਅਕਤੂਬਰ ਨੂੰ 15,000 ਤੋਂ ਵੱਧ ਕੇਸ ਆਏ ਸਨ, ਜਿਸ ਤੋਂ ਬਾਅਦ ਨਵੇਂ ਮਾਮਲਿਆਂ ਵਿੱਚ ਕਮੀ ਆਈ ਸੀ। ਪਰ ਪਿਛਲੇ ਮਹੀਨੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ। ਰਾਜ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਰਾਜ ਵਿੱਚ 13,659 ਅਤੇ 14,317 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਦੇਖੋ: ਜਹਾਜ਼ ਭਰ-ਭਰ ਕੇ ਬੰਗਾਲ ਪਹੁੰਚ ਗਏ ਕਿਸਾਨ, Balbir Rajewal ਨੇ ਪਾ ‘ਤਾ ਸਰਕਾਰ ਨੂੰ ਵਖ਼ਤ