Maharashtra Lockdown Extended: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਹਾਂਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੇ ਰਾਜ ਵਿੱਚ ਤਾਲਾਬੰਦੀ 31 ਅਗਸਤ ਤੱਕ ਵਧਾ ਦਿੱਤੀ ਹੈ । ਦੱਸ ਦੇਈਏ ਕਿ ਮਹਾਂਰਾਸ਼ਟਰ ਦੇਸ਼ ਦਾ ਸਭ ਤੋਂ ਪ੍ਰਭਾਵਿਤ ਕੋਰੋਨਾ ਰਾਜ ਹੈ। ਇੱਥੇ ਇਕੱਲੇ ਕੋਰੋਨਾ ਦੀ ਲਾਗ ਦੇ 4 ਲੱਖ ਤੋਂ ਵੱਧ ਮਾਮਲੇ ਹਨ ਅਤੇ ਹੁਣ ਤੱਕ 14 ਹਜ਼ਾਰ ਤੋਂ ਵੱਧ ਲੋਕ ਇਸ ਮਾਰੂ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।
ਹਾਲਾਂਕਿ, ‘ਮਿਸ਼ਨ ਬਿਗਨ ਅਗੇਨ’ ਤਹਿਤ ਮਹਾਂਰਾਸ਼ਟਰ ਵਿੱਚ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਇਸ ਦੇ ਤਹਿਤ ਮਾਲ ਅਤੇ ਸ਼ਾਪਿੰਗ ਕੰਪਲੈਕਸ 5 ਅਗਸਤ ਤੋਂ ਖੋਲ੍ਹੇ ਜਾਣਗੇ, ਪਰ ਮਾਲਾਂ ਦੇ ਥੀਏਟਰ ਅਤੇ ਫੂਡ ਕੋਰਟ ਬੰਦ ਰਹਿਣਗੇ । ਇਸ ਦੇ ਨਾਲ ਹੀ 4 ਵਹੀਲਰ ਵਿੱਚ ਡਰਾਈਵਰ ਦੇ ਨਾਲ ਤਿੰਨ ਹੋਰ ਵਿਅਕਤੀ ਬੈਠ ਸਕਣਗੇ ਅਤੇ ਬਾਈਕ ‘ਤੇ ਦੋ ਲੋਕਾਂ ਨੂੰ ਚੱਲਣ ਦੀ ਆਗਿਆ ਹੋਵੇਗੀ। ਮਾਲ ਅਤੇ ਸ਼ਾਪਿੰਗ ਕੰਪਲੈਕਸਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ।
ਦਰਅਸਲ, ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਵਿੱਚ ਪੀੜਤਾਂ ਦੀ ਗਿਣਤੀ 4 ਲੱਖ ਨੂੰ ਪਾਰ ਕਰ ਗਈ ਹੈ । ਮਹਾਂਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ 9,211 ਨਵੇਂ ਕੇਸ ਸਾਹਮਣੇ ਆਏ ਅਤੇ 298 ਲੋਕਾਂ ਦੀ ਮੌਤ ਹੋ ਗਈ । ਇਸ ਦੇ ਨਾਲ ਹੀ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 4,00,651 ਹੋ ਗਈ ਹੈ ਅਤੇ ਇਸ ਵਾਇਰਸ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 14,463 ਹੋ ਗਈ ਹੈ। ਰਾਜ ਵਿੱਚ 1,46,129 ਕਿਰਿਆਸ਼ੀਲ ਕੇਸ ਹਨ ਅਤੇ 2,39,755 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਦੱਸ ਦੇਈਏ ਕਿ ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਅਨਲੌਕ 3 ਲਈ 1 ਅਗਸਤ ਤੋਂ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਅਤੇ ਕਾਲਜ ਫਿਲਹਾਲ ਬੰਦ ਰਹਿਣਗੇ। ਨਾਲ ਹੀ, ਥੀਏਟਰਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੈ। ਇਸਦੇ ਨਾਲ ਹੀ ਰਾਤ ਦਾ ਕਰਫਊ ਵੀ ਹਟਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਜਿਮ ਅਤੇ ਯੋਗਾ ਸੈਂਟਰਾਂ ਨੂੰ ਨੂੰ 5 ਅਗਸਤ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।