Mamata banerjee rally : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਅੱਜ ਭਾਜਪਾ ਉੱਤੇ ਜ਼ੋਰਦਾਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਪੂਰਬੀ ਮਿਦਨਾਪੁਰ ਵਿੱਚ ਇੱਕ ਰੈਲੀ ‘ਚ ਕਿਹਾ ਕੇ ਭਾਜਪਾ ਨੂੰ ਅਲਵਿਦਾ, ਅਸੀਂ ਭਾਜਪਾ ਨਹੀਂ ਚਾਹੁੰਦੇ। ਅਸੀਂ ਮੋਦੀ ਦਾ ਮੂੰਹ ਨਹੀਂ ਵੇਖਣਾ ਚਾਹੁੰਦੇ। ਅਸੀਂ ਦੰਗੇ, ਲੁੱਟ, ਦੁਰਯੋਧਨ, ਦੁਸ਼ਾਸਨ, ਮੀਰ ਜਾਫਰ ਨਹੀਂ ਚਾਹੁੰਦੇ।ਨੰਦੀਗ੍ਰਾਮ ਕਾਂਡ ਦਾ ਜ਼ਿਕਰ ਕਰਦਿਆਂ ਮਮਤਾ ਨੇ ਕਿਹਾ ਕਿ ਪਹਿਲਾਂ ਮੇਰੇ ਵਿਰੋਧੀਆਂ ਨੇ ਮੇਰੇ ਸਿਰ ‘ਚ ਸੱਟ ਮਾਰੀ ਅਤੇ ਹੁਣ ਮੇਰੀ ਲੱਤ ਜ਼ਖਮੀ ਕਰ ਦਿੱਤੀ, ਪਰ ਮੈਂ ਵੀ ਇੱਕ ਯੋਧਾ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਤੋਂ ਬਾਗੀਆਂ ਨੂੰ ਟਿਕਟਾਂ ਦਿੱਤੀਆਂ ਸਨ। ਪਾਰਟੀ ਦੇ ਪੁਰਾਣੇ ਆਗੂ ਘਰ ਵਿੱਚ ਬੈਠ ਕੇ ਹੰਝੂ ਵਹਾ ਰਹੇ ਹਨ।
ਬੀਤੇ ਦਿਨ ਮਮਤਾ ਨੇ ਇੱਕ ਹੋਰ ਰੈਲੀ ਵਿੱਚ ਕਿਹਾ ਸੀ ਕਿ ਮੈਂ ਸ਼ੇਰ ਵਾਂਗ ਹਾਂ ਅਤੇ ਮੈਂ ਆਪਣਾ ਸਿਰ ਨਹੀਂ ਝੁਕਾਵਾਂਗੀ। ਮੈਂ ਸਿਰਫ ਲੋਕਾਂ ਦੇ ਸਾਹਮਣੇ ਆਪਣਾ ਸਿਰ ਝੁਕਾਉਂਦੀ ਹਾਂ। ਪਰ ਭਾਜਪਾ ਵਰਗੀ ਪਾਰਟੀ ਔਰਤਾਂ ਅਤੇ ਦਲਿਤਾਂ ਨੂੰ ਸਤਾਉਂਦੀ ਹੈ। ਮੈਂ ਉਨ੍ਹਾਂ ਦਾ ਸਮਰਥਨ ਨਹੀਂ ਕਰਦੀ। ਉਨ੍ਹਾਂ ਕਿਹਾ, “ਤ੍ਰਿਣਮੂਲ ਕਾਂਗਰਸ ਸਰਕਾਰ ਨੇ ਚੱਕਰਵਾਤ ਪ੍ਰਭਾਵਿਤ ਲੋਕਾਂ ਲਈ ਹਜ਼ਾਰਾਂ ਕਰੋੜਾਂ ਰੁਪਏ ਦੀ ਸਹਾਇਤਾ ਕੀਤੀ ਹੈ। ਇੱਕ ਜਾਂ ਦੋ ਅਪਵਾਦ ਹੋ ਸਕਦੇ ਹਨ … ਪਰ ਅਸੀਂ ਲੋਕਾਂ ਦੀ ਸਹਾਇਤਾ ਲਈ ਪਹੁੰਚੇ ਹਾਂ। ਉਸ ਸਮੇਂ ਭਾਜਪਾ ਆਗੂ ਕਿੱਥੇ ਸਨ ? ਮਨੁੱਖਤਾਵਾਦੀ ਸੰਕਟ ਦੌਰਾਨ ਉਹ ਹਮੇਸ਼ਾਂ ਲਾਪਤਾ ਰਹਿੰਦੇ ਹਨ।”