Mamata Banerjee younger brother: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਛੋਟੇ ਭਰਾ ਅਸੀਮ ਬੰਦੋਪਾਧਿਆਏ ਦਾ ਅੱਜ ਯਾਨੀ ਕਿ ਸ਼ਨੀਵਾਰ ਸਵੇਰੇ ਕੋਰੋਨਾ ਕਾਰਨ ਦਿਹਾਂਤ ਹੋ ਗਿਆ । ਅਸੀਮ ਬੰਦੋਪਾਧਿਆਏ ਪਿਛਲੇ ਇਕ ਮਹੀਨੇ ਤੋਂ ਕੋਰੋਨਾ ਨਾਲ ਪੀੜਤ ਸੀ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ । ਸੀਐਮ ਮਮਤਾ ਬੈਨਰਜੀ ਦੇ ਪਰਿਵਾਰਕ ਸੂਤਰਾਂ ਅਨੁਸਾਰ ਅੰਤਿਮ-ਸੰਸਕਾਰ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਕੀਤਾ ਜਾਵੇਗਾ।
ਇਸ ਸਬੰਧੀ ਕੋਲਕਾਤਾ ਦੇ ਮੇਡੀਕਾ ਸੁਪਰਸਪੈਸ਼ਿਲਿਟੀ ਹਸਪਤਾਲ ਦੇ ਚੇਅਰਮੈਨ ਡਾ. ਅਲੋਕ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਮਤਾ ਬੈਨਰਜੀ ਦੇ ਛੋਟੇ ਭਰਾ ਅਸੀਮ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਸ਼ਨੀਵਾਰ ਸਵੇਰੇ ਅਸੀਮ ਬੰਦੋਪਾਧਿਆਏ ਨੇ ਆਖਰੀ ਸਾਹ ਲਏ ।
ਦੱਸ ਦੇਈਏ ਕਿ ਪੱਛਮੀ ਬੰਗਾਲ ਪੱਛਮੀ ਬੀਤੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸਭ ਤੋਂ ਜ਼ਿਆਦਾ 20,846 ਨਵੇਂ ਕੇਸ ਦਰਜ ਹੋਣ ਤੋਂ ਬਾਅਦ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 10 ਲੱਖ 94 ਹਜ਼ਾਰ 802 ਹੋ ਗਏ ਹਨ । ਸਿਹਤ ਵਿਭਾਗ ਨੇ ਦੱਸਿਆ ਕਿ ਬਿਮਾਰੀ ਕਾਰਨ 136 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 12,993 ਹੋ ਗਈ ਹੈ ।