Mamata sitting on the dharna : ਪੱਛਮੀ ਬੰਗਾਲ ਅਤੇ ਅਸਾਮ ਵਿੱਚ ਅੱਜ ਦੂਜੇ ਪੜਾਅ ਲਈ ਵੋਟਿੰਗ ਚੱਲ ਰਹੀ ਹੈ। ਬੰਗਾਲ ਦੀਆਂ 30 ਸੀਟਾਂ, ਅਤੇ ਅਸਾਮ ਦੀਆਂ 39 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਪਰ ਵੀਰਵਾਰ ਸਵੇਰ ਤੋਂ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਨੰਦੀਗਰਾਮ ਵਿੱਚ ਸੁਵੇਂਦੂ ਅਧਿਕਾਰੀ ਦੇ ਕਾਫਲੇ ‘ਤੇ ਹਮਲਾ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ। ਜਦਕਿ ਮਮਤਾ ਬੈਨਰਜੀ ਵੀ ਵੀਲ੍ਹ ਚੇਅਰ ‘ਤੇ ਪੋਲਿੰਗ ਬੂਥ ਦਾ ਜਾਇਜ਼ਾ ਲੈਣ ਪਹੁੰਚੀ ਸੀ।
ਮੁੱਖ ਮੰਤਰੀ ਮਮਤਾ ਬੈਨਰਜੀ ਵੀਰਵਾਰ ਦੁਪਹਿਰ ਨੰਦੀਗਰਾਮ ਦੇ ਬੋਆ ਪੋਲਿੰਗ ਬੂਥ ਪਹੁੰਚੀ। ਇੱਥੇ ਟੀਐਮਸੀ ਵਰਕਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਵੀਰਵਾਰ ਦੁਪਹਿਰ ਨੂੰ ਮਮਤਾ ਬੈਨਰਜੀ ਵੀਲ੍ਹ ਚੇਅਰ ਉੱਥੇ ਪਹੁੰਚੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਮ ਲੋਕਾਂ ਨਾਲ ਗੱਲਬਾਤ ਕੀਤੀ। ਮਮਤਾ ਨੇ ਇੱਥੇ ਅਧਿਕਾਰੀਆਂ ਨੂੰ ਵੋਟਿੰਗ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਵੀ ਜ਼ਿਕਰ ਕੀਤਾ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਮਮਤਾ ਬੈਨਰਜੀ ਦਾ ਦੋਸ਼ ਹੈ ਕਿ ਬਾਹਰਲੇ ਲੋਕ ਵੋਟਰਾਂ ਨੂੰ ਬੂਥ ‘ਤੇ ਨਹੀਂ ਆਉਣ ਦੇ ਰਹੇ ਹਨ। ਇਸ ਦੇ ਵਿਰੋਧ ਵਿੱਚ ਮਮਤਾ ਬੈਨਰਜੀ ਹੁਣ ਪੋਲਿੰਗ ਬੂਥ ‘ਤੇ ਹੀ ਧਰਨੇ ‘ਤੇ ਬੈਠ ਗਈ ਹੈ।