Mamta banerjee filed nomination : ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਨੰਦੀਗਰਾਮ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨੰਦੀਗਰਾਮ ਦੀ ਇਸ ਸੀਟ ‘ਤੇ ਮਮਤਾ ਬੈਨਰਜੀ ਦਾ ਮੁਕਾਬਲਾ ਉਨ੍ਹਾਂ ਸਾਬਕਾ ਨਜ਼ਦੀਕੀ ਸਹਿਯੋਗੀ ਅਤੇ ਹੁਣ ਵਿਰੋਧੀ ਸ਼ੁਭੇਂਦੂ ਅਧਿਕਾਰੀ ਦੇ ਨਾਲ ਹੈ। ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਨੰਦੀਗਰਾਮ ਦੇ ਸ਼ਿਵ ਮੰਦਰ ਵਿੱਚ ਅਰਦਾਸ ਕੀਤੀ ਹੈ। ਇਸ ਤੋਂ ਬਾਅਦ ਹਲਦੀਆ ਦੇ ਐਸ.ਡੀ.ਓ ਦਫਤਰ ਵਿੱਚ ਨਾਮਜ਼ਦਗੀ ਭਰੀ ਗਈ ਹੈ। ਨੰਦੀਗਰਾਮ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦਾ ਗੜ੍ਹ ਹੈ, ਜੋ ਸਾਲ 2016 ਵਿੱਚ ਇਸ ਸੀਟ ਤੋਂ ਚੁਣੇ ਗਏ ਸਨ ਅਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਮੰਤਰੀ ਬਣੇ ਸਨ।
ਅਧਿਕਾਰੀ ਪਿੱਛਲੇ ਸਾਲ ਦਸੰਬਰ ਵਿੱਚ BJP ‘ਚ ਸ਼ਾਮਿਲ ਹੋਏ ਸਨ। ਤ੍ਰਿਣਮੂਲ ਦੇ ਬਾਗ਼ੀ ਨੇਤਾ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਬੈਨਰਜੀ ਨੂੰ 50,000 ਤੋਂ ਵੱਧ ਵੋਟਾਂ ਨਾਲ ਹਰਾ ਦੇਣਗੇ। ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ। ਟੀਐਮਸੀ ਦੀ ਮੁਖੀ ਮਮਤਾ ਬੈਨਰਜੀ ਰਾਜ ਦੀ ਮੁੱਖ ਮੰਤਰੀ ਹੈ। ਟੀਐਮਸੀ ਨੇ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ 211 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਇਸ ਦੇ ਨਾਲ ਹੀ ਕਾਂਗਰਸ ਨੇ 44 ਸੀਟਾਂ ਜਿੱਤੀਆਂ ਸਨ, ਲਿਫ਼ਟ ਨੇ 26 ਅਤੇ ਭਾਜਪਾ ਨੇ ਸਿਰਫ ਤਿੰਨ ਸੀਟਾਂ ਜਿੱਤੀਆਂ ਸਨ। ਜਦਕਿ ਦੂਜਿਆਂ ਨੇ ਦਸ ਸੀਟਾਂ ਜਿੱਤੀਆਂ ਸਨ। ਬਹੁਮਤ ਲਈ 148 ਸੀਟਾਂ ਦੀ ਜ਼ਰੂਰਤ ਹੈ।