Manish Sisodia Satinder : ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਦੇ ਸਾਰੇ ਪ੍ਰਧਾਨ ਸੋਮਵਾਰ ਨੂੰ ਇਕ ਰੋਜ਼ਾ ਭੁੱਖ ਹੜਤਾਲ ‘ਤੇ ਹਨ। ਕਿਸਾਨਾਂ ਦਾ ਇਹ ਵਰਤ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਇਸ ਸਮੇਂ ਦੌਰਾਨ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ, ਮੰਤਰੀ ਸਤਿੰਦਰ ਜੈਨ, ਗੋਪਾਲ ਰਾਏ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਭੁੱਖ ਹੜਤਾਲ ’ਤੇ ਬੈਠੇ ਹਨ।
ਦੱਸ ਦੇਈਏ ਕਿ ਦਿੱਲੀ ਵਿਖੇ ਕਿਸਾਨਾਂ ਦੇ ਅੰਦੋਲਨ ਦਾ ਅੱਜ 19ਵਾਂ ਦਿਨ ਹੈ। ਟਿਕਰੀ ਬਾਰਡਰ ‘ਤੇ ਕਿਸਾਨ ਨੇਤਾ ਭੁੱਖ ਹੜਤਾਲ ‘ਤੇ ਬੈਠੇ ਹੋਏ ਹਨ। ਕਿਸਾਨ ਅੰਦੋਲਨ ਸਦਕਾ ਅੱਜ ਸਿੰਘ, ਅਚੰਦੀ, ਪਿਆਓ ਮਨਿਆਰੀ ਤੇ ਮੰਗੇਸ਼ ਬਾਰਡਰ ‘ਤੇ ਟ੍ਰੈਫਿਕ ਬੰਦ ਕਰ ਦਿੱਤਾ ਗਿਆ ਹੈ। 16 ਦਸੰਬਰ ਨੂੰ ਸੁਪਰੀਮ ਕੋਰਟ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਹਟਾਉਣ ਦੀ ਅਰਜ਼ੀ ‘ਤੇ ਸੁਣਵਾਈ ਕਰੇਗੀ। ਇਸਦੀ ਸੁਣਵਾਈ ਚੀਫ ਜਸਟਿਸ ਐਸ.ਏ. ਬੋਬੜੇ ਦੇ ਬੈਂਚ ਵਿੱਚ ਹੋਵੇਗੀ। ਬਿਨੈ ਪੱਤਰ ਦੇਣ ਵਾਲੇ ਲਾਅ ਦੇ ਵਿਦਿਆਰਥੀ ਰਿਸ਼ਭ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਕਾਰਨ ਸੜਕਾਂ ਜਾਮ ਹੋਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਇਸ ਤੋਂ ਇਲਾਵਾ, ਕੋਰੋਨਾ ਦੀ ਲਾਗ ਵਿਚ ਵਾਧਾ ਹੋਣ ਦਾ ਖ਼ਤਰਾ ਹੈ।
ਭਾਰਤੀ ਕਿਸਾਨ ਯੂਨੀਅਨ ਚਡੂਨੀ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ, ਕੁੱਝ ਮੀਡੀਆ ਰਿਪੋਰਟਾਂ ਅਨੁਸਾਰ 19 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਤੋਂ ਇਨਕਾਰ ਕਰ ਰਹੀ ਹੈ ਤੇ ਆਪਣੇ ਅੜੀਅਲ ਰਵਈਏ ‘ਤੇ ਅੜੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਖੇਤੀ ਕਨੂੰਨਾ ਵਿੱਚ ਸੋਧ ਕੀਤੀ ਜਾਵੇਗੀ, ਪਰ ਇਨਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਭਾਰਤ ਦੇ ਸਾਰੇ ਕਿਸਾਨ ਤੇ ਹਰ ਵਰਗ ਦੇ ਲੋਕ ਇਸ ਗੱਲ ‘ਤੇ ਅੜੇ ਹੋਏ ਹਨ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕੀਤਾ ਜਾਵੇ। 19 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਜਾਣ ਸਬੰਧੀ ਜਾਣਕਾਰੀ ਗੁਰਨਾਮ ਸਿੰਘ ਚਡੂਨੀ ਵੱਲੋਂ ਦਿੱਤੀ ਗਈ ਹੈ।