Manjit singh rai says: ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੇ 26 ਜਨਵਰੀ ਦੀ ਘਟਨਾ ਤੋਂ ਬਾਅਦ ਇੱਕ ਵੱਖਰੀ ਰਫ਼ਤਾਰ ਹਾਸਿਲ ਕੀਤੀ ਹੈ। ਦਿੱਲੀ ਅਤੇ ਉੱਤਰ ਪ੍ਰਦੇਸ਼ ਦਰਮਿਆਨ ਗਾਜੀਪੁਰ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਕਿਸਾਨ ਲਾਮਬੰਦ ਹੋ ਰਹੇ ਹਨ ਅਤੇ ਉੱਘੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਸੱਦੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਕਈ ਰਾਜਾਂ ਤੋਂ ਇਕੱਠੇ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਕਿਸਾਨ ਸੰਗਠਨਾਂ ਨੇ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਦੀ ਕੋਸ਼ਿਸ਼ ਇਸ ਲਹਿਰ ਨੂੰ ਹੋਰ ਵੀ ਮਜਬੂਤ ਕਰਨ ਦੀ ਹੈ। ਦੱਸ ਦੇਈਏ ਕਿ ਇਸ ਕੋਸ਼ਿਸ਼ ਤਹਿਤ ਸੰਯੁਕਤ ਕਿਸਾਨ ਮੋਰਚੇ ਨੇ 6 ਫਰਵਰੀ ਨੂੰ ਚੱਕਾ ਜਾਮ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ “ਅਸੀਂ 6 ਨੂੰ ਚੱਕਾ ਜਾਮ ਦਾ ਐਲਾਨ ਕੀਤਾ ਹੈ। ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਟ੍ਰੈਫਿਕ ਜਾਮ ਰਹੇਗਾ। ਅਸੀਂ ਇਸ ਚੱਕਾ ਜਾਮ ਤੋਂ ਦਿਖਾਉਣਾ ਚਾਹੁੰਦੇ ਹਾਂ ਕਿ ਪੂਰੇ ਦੇਸ਼ ਦੇ ਕਿਸਾਨ ਇੱਕ ਹਨ। ਸਾਰਾ ਦੇਸ਼ ਕਿਸਾਨਾਂ ਦੇ ਨਾਲ ਹੈ। ਸਾਨੂੰ ਸਰਕਾਰ ਨੂੰ ਆਪਣੀ ਤਾਕਤ ਦਿਖਾਉਣੀ ਪਏਗੀ।”
ਕਿਸਾਨਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਾਲਿਆਂ ਥਾਵਾਂ ‘ਤੇ ਬੈਰੀਕੇਡਿੰਗ ਦੇ ਨਵੇਂ ਤਰੀਕਿਆਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਇੱਥੇ ਕਿਸਾਨਾਂ ਦੇ ਟਰੱਕਾਂ ਦੀ ਆਮਦ ਨੂੰ ਰੋਕਣ ਲਈ ਰਸਤੇ ਵਿੱਚ ਕਿੱਲ ਲਗਾਉਣ ਅਤੇ ਸੀਮਿੰਟ ਦੀ ਬੈਰੀਕੇਡਿੰਗ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਕਿਸਾਨਾਂ ਦੇ ਪ੍ਰਦਰਸ਼ਨ ਵਾਲਿਆਂ ਥਾਵਾਂ ‘ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਸੀ, ਜਦਕਿ ਜਨਤਕ ਪਖਾਨਿਆਂ ਦਾ ਸਿਸਟਮ ਵੀ ਬੰਦ ਕਰ ਦਿੱਤਾ ਗਿਆ ਸੀ, ਅਤੇ ਬਾਅਦ ਵਿੱਚ ਫਿਰ ਸਪਲਾਈ ਬਹਾਲ ਕਰ ਦਿੱਤੀ ਗਈ ਸੀ। ਇਸ ‘ਤੇ ਮਨਜੀਤ ਸਿੰਘ ਰਾਏ ਨੇ ਪੁੱਛਿਆ ਕਿ ਕਿਸਾਨਾਂ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ, ਕੀ ਉਹ ਦੂਜੇ ਦੇਸ਼ਾਂ ਤੋਂ ਆਏ ਹਨ ? ਉਨ੍ਹਾਂ ਨੇ ਕਿਹਾ, ‘ਕੀ ਅਸੀਂ ਕਿਸੇ ਹੋਰ ਦੇਸ਼ ਤੋਂ ਆਏ ਹਾਂ? ਕੀ ਅਸੀਂ ਚੀਨ ਤੋਂ ਆਏ ਹਾਂ, ਕੀ ਅਸੀਂ ਪਾਕਿਸਤਾਨ ਤੋਂ ਆਏ ਹਾਂ, ਜੋ ਸਾਨੂੰ ਦਿੱਲੀ ਤੋਂ ਵੱਖ ਕੀਤਾ ਜਾ ਰਿਹਾ ਹੈ ? ਇੱਥੇ ਬਿਜਲੀ ਕੱਟੀ ਜਾ ਰਹੀ ਹੈ। ਪਾਣੀ ਦੀ ਸਮੱਸਿਆ ਹੋ ਰਹੀ ਹੈ,ਸਰਕਾਰ ਗਲਤ ਕੰਮ ਕਰ ਰਹੀ ਹੈ।”