Manoj Sinha appointed new LG: ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਜ ਸਿਨਹਾ ਹੁਣ ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ ਹੋਣਗੇ । ਗਿਰੀਸ਼ ਚੰਦਰ ਮੁਰਮੂ ਨੇ ਬੁੱਧਵਾਰ ਸ਼ਾਮ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਹੁਣ ਵੀਰਵਾਰ ਦੀ ਸਵੇਰ ਨੂੰ ਰਾਸ਼ਟਰਪਤੀ ਭਵਨ ਵੱਲੋਂ ਮਨੋਜ ਸਿਨਹਾ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ, ਇਸੇ ਦੌਰਾਨ ਬੁੱਧਵਾਰ ਸ਼ਾਮ ਨੂੰ ਅਚਾਨਕ ਜੀਸੀ ਮੁਰਮੂ ਦੇ ਅਸਤੀਫ਼ੇ ਦੀ ਖ਼ਬਰ ਆਈ। ਮੁਰਮੂ ਦਾ ਅਸਤੀਫਾ ਰਾਸ਼ਟਰਪਤੀ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਮਨੋਜ ਸਿਨਹਾ ਨੂੰ ਨਵੇਂ LG ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਇਹ ਸਪੱਸ਼ਟ ਹੈ ਕਿ ਜੰਮੂ-ਕਸ਼ਮੀਰ ਦੇ ਉੱਚ ਅਹੁਦੇ ਲਈ ਇੱਕ ਵਾਰ ਫਿਰ ਰਾਜਨੀਤਿਕ ਐਂਟਰੀ ਹੋਈ ਹੈ। ਇਸ ਤੋਂ ਪਹਿਲਾਂ ਜਦੋਂ ਜੰਮੂ-ਕਸ਼ਮੀਰ ਪੂਰਾ ਰਾਜ ਸੀ ਤਾਂ ਉਸ ਸਮੇਂ ਸੱਤਿਆਪਾਲ ਮਲਿਕ ਇੱਥੋਂ ਦੇ ਰਾਜਪਾਲ ਸੀ, ਪਰ ਜਦੋਂ ਕੇਂਦਰ ਸ਼ਾਸਤ ਪ੍ਰਦੇਸ਼ ਦਾ ਗਠਨ ਕੀਤਾ ਗਿਆ, ਤਾਂ ਅਧਿਕਾਰੀ ਜੀਸੀ ਮੁਰਮੂ ਨੂੰ ਭੇਜਿਆ ਗਿਆ । ਜੀਸੀ ਮੁਰਮੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਅਧਿਕਾਰੀਆਂ ਵਿੱਚ ਵੀ ਗਿਣਿਆ ਜਾਂਦਾ ਰਿਹਾ ਹੈ।
ਦੱਸ ਦੇਈਏ ਕਿ ਮਨੋਜ ਸਿਨਹਾ ਪਿਛਲੇ ਸਮੇਂ ਵਿੱਚ ਗਾਜੀਪੁਰ ਤੋਂ ਸੰਸਦ ਮੈਂਬਰ ਰਹੇ ਹਨ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਵੱਡਾ ਚਿਹਰਾ ਹਨ। ਹਾਲਾਂਕਿ, ਉਹ 2019 ਦੀਆਂ ਲੋਕ ਸਭਾ ਚੋਣਾਂ ਹਾਰ ਗਏ ਸਨ, ਜਿਸ ਨੂੰ ਇੱਕ ਵੱਡਾ ਝਟਕਾ ਮੰਨਿਆ ਗਿਆ ਸੀ। ਮਨੋਜ ਸਿਨਹਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਰੇਲਵੇ ਦੇ ਰਾਜ ਮੰਤਰੀ ਅਤੇ ਸੰਚਾਰ ਰਾਜ ਮੰਤਰੀ ਦਾ ਕਾਰਜਭਾਰ ਸੰਭਾਲਿਆ ਸੀ।