Maulana Wahiduddin Khan Dies: ਨਵੀਂ ਦਿੱਲੀ: ਮਸ਼ਹੂਰ ਇਸਲਾਮਿਕ ਸਕਾਲਰ ਮੌਲਾਨਾ ਵਹੀਦੁਦੀਨ ਖਾਨ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਹੈ। ਉਹ 96 ਸਾਲਾਂ ਦੇ ਸੀ। ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਮੌਲਾਨਾ ਵਹੀਦੁਦੀਨ ਖਾਨ ਦੇ ਦਿਹਾਂਤ ਦੀ ਖਬਰ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਹੈ।
ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕਰਦਿਆਂ ਲਿਖਿਆ, “ਮਸ਼ਹੂਰ ਇਸਲਾਮਿਕ ਸਕਾਲਰ ਮੌਲਾਨਾ ਵਹੀਦੁਦੀਨ ਖਾਨ ਦੇ ਦਿਹਾਂਤ ਤੋਂ ਡੂੰਘਾ ਸਦਮਾ ਹੋਇਆ । ਪਦਮ ਵਿਭੂਸ਼ਣ ਨਾਲ ਸਨਮਾਨਿਤ ਮੌਲਾਨਾ ਵਹੀਦੁਦੀਨ ਨੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸੁਧਾਰ ਲਿਆਉਣ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ । ਉਨ੍ਹਾਂ ਦੇ ਪਰਿਵਾਰ ਅਤੇ ਸ਼ੁੱਭਚਿੰਤਕਾਂ ਪ੍ਰਤੀ ਡੂੰਘਾ ਦੁੱਖ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੌਲਾਨਾ ਵਹੀਦੁਦੀਨ ਖ਼ਾਨ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮੌਲਾਨਾ ਵਹੀਦੁਦੀਨ ਖ਼ਾਨ ਦੀ ਮੌਤ ਤੋਂ ਦੁਖੀ ਹਾਂ । ਉਨ੍ਹਾਂ ਨੂੰ ਧਰਮ ਸ਼ਾਸਤਰ ਅਤੇ ਅਧਿਆਤਮਕਤਾ ਵਿੱਚ ਉਨ੍ਹਾਂ ਦੇ ਗਿਆਨ ਲਈ ਯਾਦ ਕੀਤਾ ਜਾਵੇਗਾ । ਉਹ ਸਮਾਜਿਕ ਸੇਵਾ ਅਤੇ ਸਸ਼ਕਤੀਕਰਨ ਲਈ ਬਹੁਤ ਉਤਸ਼ਾਹਿਤ ਰਹਿੰਦੇ ਸਨ। ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਸ਼ੁੱਭਚਿੰਤਕਾਂ ਪ੍ਰਤੀ ਮੇਰਾ ਦੁੱਖ।”
ਦੱਸ ਦੇਈਏ ਕਿ ਜਨਵਰੀ 2000 ਵਿੱਚ ਵਹੀਦੁਦੀਨ ਖਾਨ ਨੂੰ ਭਾਰਤ ਦਾ ਤੀਜਾ ਸਰਵਉੱਚ ਪੁਰਸਕਾਰ ਪਦਮ ਭੂਸ਼ਣ ਨਾਲ ਨਵਾਜ਼ਿਆ ਗਿਆ ਸੀ। ਫਿਰ ਉਨ੍ਹਾਂ ਨੂੰ ਜਨਵਰੀ 2021 ਵਿੱਚ ਭਾਰਤ ਦੇ ਦੂਜੇ ਪਦਮ ਸਰਵਉੱਚ ਪੁਰਸਕਾਰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ।