Message from the : ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮਨਾਥ ਕੋਵਿੰਦ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ “ਸ਼ਹੀਦੀ ਦਿਵਸ” ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿਚ ਕਿਹਾ ਹੈ: – “ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਪਵਿੱਤਰ ਮੌਕੇ ‘ਤੇ, ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ। ਸਿੱਖ ਕੌਮ ਦੇ ਨੌਵੇਂ ਗੁਰੂ, ਸ੍ਰੀ ਤੇਗ ਬਹਾਦਰ ਜੀ ਨੇ, ਲੋਕਾਂ ਦੇ ਵਿਸ਼ਵਾਸ ਅਤੇ ਅਧਿਕਾਰਾਂ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਇਸ ਲਈ, ਸਾਥੀ ਨਾਗਰਿਕ ਉਸਨੂੰ ਪਿਆਰ ਅਤੇ ਸਤਿਕਾਰ ਨਾਲ ‘ਹਿੰਦ ਦੀ ਚਾਦਰ’ ਕਹਿੰਦੇ ਹਨ। ਉਨ੍ਹਾਂ ਦੀ ਕੁਰਬਾਨੀ ਸਾਡੇ ਸਾਰਿਆਂ ਨੂੰ ਮਨੁੱਖਤਾ ਦੀ ਸੱਚੀ ਸੇਵਾ ਲਈ ਇਕਜੁੱਟ ਹੋਣ ਲਈ ਪ੍ਰੇਰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦਾ ਕਾਰਜ ਸਾਡੇ ਸਾਰਿਆਂ ‘ਚ ਪਿਆਰ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਫੈਲਾਉਂਦੇ ਰਹਿਣਗੇ।
ਇਸ ਪਵਿੱਤਰ ਦਿਹਾੜੇ ‘ਤੇ, ਆਓ ਅਸੀਂ ਇਹ ਸੰਕਲਪ ਕਰੀਏ ਕਿ ਹਿੰਸਾ, ਸੌੜੇਪਣ ਅਤੇ ਨਫ਼ਰਤ ਨੂੰ ਦੂਰ ਕਰਦਿਆਂ ਅਸੀਂ ਦੂਸਰਿਆਂ ਦੀ ਨਿਰਸਵਾਰਥ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਾਂਗੇ ਅਤੇ ਪਿਆਰ, ਸਦਭਾਵਨਾ ਅਤੇ ਹਮਦਰਦੀ ਵਰਗੇ ਮਨੁੱਖੀ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਿੱਖ ਧਰਮ ਅੰਦੋਲਨ ਦੇ ਆਪ ਨੌਵੇਂ ਅਧਿਆਤਮਿਕ ਗੱਦੀਦਾਰ ਸਨ । ਆਪ ਦਾ ਜਨਮ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸੰਨ 1621 ਈ. (ਵਿਸਾਖ ਵਦੀ 5, 1678 ਬਿ.) ਨੂੰ ਅੰਮ੍ਰਿਤਸਰ ਵਿਚ ਹੋਇਆ । ਬਚਪਨ ਤੋਂ ਹੀ ਆਪ ਵੈਰਾਗੀ ਰੁਚੀ ਵਾਲੇ ਗੰਭੀਰ ਧਰਮ-ਸਾਧਕ ਅਤੇ ਤਪਸਵੀ ਮਹਾਪੁਰਸ਼ ਸਨ । ਆਪ ਦਾ ਵਿਆਹ ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਦੀ ਸੁਪੁੱਤਰੀ ਗੁਜਰੀ ਨਾਲ ਸੰਨ 1632 ਈ. (15 ਅਸੂ, 1689 ਬਿ.) ਵਿਚ ਹੋਇਆ । ਪਿਤਾ-ਗੁਰੂ ਹਰਿਗੋਬਿੰਦ ਜੀ ਦੇ ਮਹਾ-ਪ੍ਰਸਥਾਨ ਤੋਂ ਬਾਅਦ ਸੰਨ 1644 ਈ. ਵਿਚ ਆਪ ਆਪਣੀ ਪਤਨੀ ਅਤੇ ਮਾਤਾ ਸਹਿਤ ਬਕਾਲਾ ਪਿੰਡ ਵਿਚ ਆ ਵਸੇ ਜੋ ਕਾਲਾਂਤਰ ਵਿਚ ਆਪ ਦੇ ਨਾਂ ‘ਤੇ ‘ਬਾਬਾ ਬਕਾਲਾ’ਕਰਕੇ ਪ੍ਰਸਿੱਧ ਹੋਇਆ । ਗੁਰੂ ਜੀ ਨੇ ਪਰਮਾਤਮਾ ਦੀ ਸ਼ਰਣ ਵਿਚ ਜਾਣ ਦੀ ਗੱਲ ਉਤੇ ਬਹੁਤ ਜ਼ੋਰ ਦਿੱਤਾ ਹੈ।