Millitant attack on house of BJP leader: ਸ਼੍ਰੀਨਗਰ ਦੇ ਨੌਗਾਮ ਸਥਿਤ ਭਾਜਪਾ ਨੇਤਾ ਅਨਵਰ ਖਾਨ ਦੇ ਘਰ ‘ਤੇ ਵੀਰਵਾਰ ਨੂੰ ਅੱਤਵਾਦੀ ਹਮਲਾ ਹੋਇਆ ਹੈ । ਇਸ ਹਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ । ਉੱਥੇ ਹੀ ਪੁਲਿਸ ਟੀਮ ਦੇ ਕਾਂਸਟੇਬਲ ਰਮੀਜ਼ ਰਾਜਾ ਹਮਲੇ ਵਿੱਚ ਜ਼ਖਮੀ ਹੋ ਗਏ ਸਨ, ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਸ਼ਹੀਦ ਹੋ ਗਏ ਹਨ ।
ਦਰਅਸਲ, ਅਨਵਰ ਖਾਨ ਬਾਰਾਮੂਲਾ ਦੇ ਜ਼ਿਲ੍ਹਾ ਜਨਰਲ ਸੱਕਤਰ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਕੁਪਵਾੜਾ ਦਾ ਇੰਚਾਰਜ ਵੀ ਬਣਾਇਆ ਗਿਆ ਹੈ । ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਅੱਤਵਾਦੀ ਜ਼ਖਮੀ ਪੁਲਿਸ ਅਧਿਕਾਰੀ ਦੀ ਰਾਈਫਲ ਲੈ ਕੇ ਉਥੋਂ ਫਰਾਰ ਹੋ ਗਏ ਹਨ । ਇਸ ਦੇ ਨਾਲ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਸੋਮਵਾਰ ਦੁਪਹਿਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਖੇਤਰ ਵਿੱਚ ਨਗਰ ਨਿਗਮ ਦਫਤਰ ‘ਤੇ ਗੋਲੀਆਂ ਚਲਾਈਆਂ ਸਨ । ਇਸ ਅੱਤਵਾਦੀ ਹਮਲੇ ਵਿੱਚ ਜ਼ਖਮੀ ਹੋਏ ਇੱਕ ਹੋਰ ਕੌਂਸਲਰ ਦੀ ਵੀ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ ।
ਦੱਸ ਦੇਈਏ ਕਿ ਅੱਤਵਾਦੀਆਂ ਵੱਲੋਂ ਸੋਪੋਰ ਵਿੱਚ ਨਗਰ ਨਿਗਮ ਦਫਤਰ ਦੇ ਬਾਹਰ ਬੀ.ਡੀ.ਸੀ ਮੈਂਬਰ ਰਿਆਜ਼ ਅਹਿਮਦ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਸ਼ਫਤ ਅਹਿਮਦ ‘ਤੇ ਗੋਲੀ ਚਲਾਈ ਸੀ। ਇਸ ਹਮਲੇ ਵਿੱਚ ਰਿਆਜ਼ ਅਤੇ ਸ਼ਫ਼ਾਤ ਮੌਕੇ ‘ਤੇ ਹੀ ਮਾਰੇ ਗਏ ਜਦਕਿ ਇੱਕ ਹੋਰ ਵਿਅਕਤੀ ਹਮਲੇ ਵਿੱਚ ਜ਼ਖਮੀ ਹੋ ਗਿਆ ਸੀ । ਇਸ ਦੇ ਨਾਲ ਹੀ ਇਸ ਵਿੱਚ ਇਕ ਪੁਲਿਸ ਅਧਿਕਾਰੀ ਵੀ ਸ਼ਹੀਦ ਹੋ ਗਿਆ ਸੀ।