ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਬੀਤੇ ਕੱਲ੍ਹ ਸਤਿਸੰਗ ਦੌਰਾਨ ਭਗਦੜ ਮੱਚਣ ਕਾਰਨ ਹੁਣ ਤੱਕ 116 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮ੍ਰਿਤਕਾਂ ਵਿਚ ਬਹੁਗਿਣਤੀ ਔਰਤਾਂ ਦੀ ਹੈ ਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਰਕੇ ਹੋਈਆਂ। ਇਹ ਸਤਿਸੰਗ ਸਰਕਾਰ ਨਾਰਾਇਣ ਵਿਸ਼ਵ ਹਰੀ ਭੋਲੇ ਬਾਬਾ ਦਾ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਆਗਰਾ ਦੇ ADGP ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ ਘਟਨਾ ਦੀ ਜਾਂਚ ਕਰਕੇ 24 ਘੰਟਿਆਂ ਅੰਦਰ ਰਿਪੋਰਟ ਸੌਂਪੇਗੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਸਤਿਸੰਗ ਕਰਵਾਉਣ ਵਾਲੇ ਪ੍ਰਬੰਧਕਾਂ ਖਿਲਾਫ਼ FIR ਦਰਜ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਲਈ ਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਏਟਾ ਦੇ ਐੱਸਐੱਸਪੀ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ 27 ਲਾਸ਼ਾਂ ਨਾਲ ਲੱਗਦੇ ਏਟਾ ਜ਼ਿਲ੍ਹੇ ਦੇ ਹਸਪਤਾਲ ਵਿਚ ਲਿਆਂਦੀਆਂ ਗਈਆਂ ਹਨ। ਇਨ੍ਹਾਂ ਵਿਚ 23 ਔਰਤਾਂ, ਤਿੰਨ ਬੱਚੇ ਤੇ ਇਕ ਪੁਰਸ਼ ਸ਼ਾਮਲ ਹਨ ਜਦੋਂਕਿ 89 ਲਾਸ਼ਾਂ ਹਾਥਰਸ ਵਿਚ ਹੀ ਪਈਆਂ ਹਨ। ਅਲੀਗੜ੍ਹ ਰੇਂਜ ਦੇ ਆਈਜੀ ਸ਼ਲਭ ਮਾਥੁਰ ਨੇ ਮੌਤਾਂ ਦੀ ਗਿਣਤੀ 116 ਦੱਸੀ ਹੈ। ਪੀੜਤਾਂ, ਜਿਨ੍ਹਾਂ ਵਿਚ ਮ੍ਰਿਤਕ ਜਾਂ ਬੇਸੁੱਧ ਸ਼ਾਮਲ ਸਨ, ਨੂੰ ਟਰੱਕਾਂ ਤੇ ਟੈਂਪੂਆਂ ਵਿਚ ਪਾ ਕੇ ਸਿਕੰਦਰਾ ਰਾਓ ਟਰੌਮਾ ਸੈਂਟਰ ਲਿਆਂਦਾ ਗਿਆ ਹੈ। ਮ੍ਰਿਤਕਾਂ ਦੀਆਂ ਦੇਹਾਂ ਹਸਪਤਾਲ ਦੇ ਬਾਹਰ ਪਈਆਂ ਸਨ, ਜਿਨ੍ਹਾਂ ਦੁਆਲੇ ਲੋਕ ਇਕੱਠੇ ਹੋਏ ਸਨ।
ਇਹ ਵੀ ਪੜ੍ਹੋ : CM ਮਾਨ ਦੀ ਪਤਨੀ ਨੇ ਜਲੰਧਰ ਰਿਹਾਇਸ਼ ‘ਤੇ ਇਲਾਕੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ
ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਕੁਮਾਰ ਨੇ ਕਿਹਾ ਕਿ ਸਤਿਸੰਗ ਨਿੱਜੀ ਸਮਾਗਮ ਸੀ, ਜਿਸ ਲਈ ਸਬ-ਡਿਵੀਜ਼ਨਲ ਮੈਜਿਸਟਰੇਟ ਨੇ ਲੋੜੀਂਦੀ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਸਮਾਗਮ ਵਾਲੀ ਥਾਂ ਬਾਹਰਲੇ ਪਾਸੇ ਸੁਰੱਖਿਆ ਮੁਹੱਈਆ ਕਰਵਾਈ ਸੀ ਜਦੋਂਕਿ ਅੰਦਰਲੇ ਇੰਤਜ਼ਾਮ ਪ੍ਰਬੰਧਕਾਂ ਵੱਲੋਂ ਖੁ਼ਦ ਕੀਤੇ ਗਏ ਸਨ। ਸਿਕੰਦਰ ਰਾਓ ਦੇ ਸਬਡਿਵੀਜ਼ਨ ਮੈਜਿਸਟਰੇਟ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਰਧਾਲੂ ਭੋਲੇ ਬਾਬਾ ਦੀ ਇਕ ਝਲਕ ਪਾਉਣ ਲਈ ਅੱਗੇ ਵਧੇ ਤਾਂ ਭਗਦੜ ਮਚ ਗਈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਬਾਬੇ ਦੇ ਪੈਰਾਂ ਹੇਠੋਂ ਮਿੱਟੀ ਲੈਣ ਲਈ ਕਾਹਲੇ ਸਨ। ਸਿਕੰਦਰਾ ਰਾਓ ਪੁਲਿਸ ਥਾਣੇ ਦੇ SHO ਆਸ਼ੀਸ਼ ਕੁਮਾਰ ਨੇ ਕਿਹਾ ਕਿ ਸਤਿਸੰਗ ਵਿਚ ਲੋੜੋਂ ਵੱਧ ਭੀੜ ਕਰਕੇ ਭਗਦੜ ਮਚੀ।
ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਸਣੇ ਹੋਰਨਾਂ ਆਗੂਆਂ ਨੇ ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਕਾਰਨ ਮੌਤਾਂ ਨੂੰ ਦੁਖਦਾਈ ਕਰਾਰ ਦਿੰਦਿਆਂ ਤੇ ਜ਼ਖਮੀਆਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਹੈ। ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਅਤੇ ਬਸਪਾ ਮੁਖੀ ਮਾਇਆਵਤੀ ਨੇ ਹਾਦਸੇ ਅਤੇ ਮੌਤਾਂ ’ਤੇ ਦੁੱਖ ਜਤਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: