ਦੇਸ਼ ਦੇ ਉੱਤਰੀ ਹਿੱਸਿਆਂ ਵਿਚ ਹੀਟਵੇਵ ਤੇ ਤੇਜ਼ ਗਰਮੀ ਦਾ ਦੌਰ ਲਗਾਤਾਰ ਜਾਰੀ ਹੈ। ਦੂਜੇ ਪਾਸੇ ਨਾਰਥ ਈਸਟ ਦੇ ਸੂਬਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਪਿਛਲੇ ਤਿੰਨ ਦਿਨ ਤੋਂ ਜਾਰੀ ਮੀਂਹ ਕਾਰਨ ਉੱਤਰੀ ਸਿਕਮ ਦੇ ਕਈ ਇਲਾਕੇ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਲੈਂਡ ਸਲਾਈਡ ਤੇ ਹੜ੍ਹ ਵਿਚ ਸੈਂਕੜੇ ਘਰ ਤੇ ਕਈ ਸੜਕਾਂ ਵਹਿ ਗਈਆਂ ਹਨ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਭ ਤੋਂ ਵੱਧ ਤਬਾਹੀ ਸਿੱਕਮ ਦੇ ਮੰਗਨ ਜ਼ਿਲ੍ਹੇ ਵਿਚ ਹੋਈ ਹੈ। ਇਥੇ ਇਕ ਦਿਨ ਵਿਚ 220 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਨਾਲ ਪਿਛਲੇ ਸਾਲ 4 ਅਕਤੂਬਰ ਨੂੰ ਆਈ ਹੜ੍ਹ ਦੇ ਬਾਅਦ ਬਣਿਆ ਸੰਗਕਾਲਾਂਗ ਪੁਲ ਵੀ ਵੀਰਵਾਰ ਦੁਪਹਿਰ ਵਿਚ ਢਹਿ ਗਿਆ। ਇਸ ਨਾਲ ਦਜੋਂਗੂ, ਚੁੰਗਥਾਂਗ, ਲਾਚੇਨ ਤੇ ਲਾਚੁੰਗ ਨਾਲ ਸੰਪਰਕ ਟੁੱਟ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚ ਹੁਣ ਨਾ ਫੋਨ ਕਨੈਕਟਵਿਟੀ ਹੈ ਤੇ ਨਾ ਹੀ ਰੋਡ। ਬਿਜਲੀ ਪੋਲ ਵੀ ਵਹਿ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਅੱਜ ਤੋਂ ਨਾਮਜ਼ਦਗੀਆਂ, 21 ਜੂਨ ਤੱਕ ਭਰੇ ਜਾਣਗੇ ਨਾਮਜ਼ਦਗੀ ਪਰਚੇ
ਸਿੱਕਮ ਵਿਚ ਰਾਹਤ ਬਚਾਅ ਵਿਚ ਲੱਗੇ ਡਿਜਾਸਟਰ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀ ਥਾਂ ਲਾਚੁੰਗ ਤੇ ਚੁੰਗਥਾਂਗ ਵਿਚ ਲਗਭਗ 2 ਹਜ਼ਾਰ ਸੈਲਾਨੀ ਫਸੇ ਹੋਏ ਹਨ। ਇਨ੍ਹਾਂ ਨੂੰ ਹੁਣ ਹੈਲੀਕਾਪਟਰ ਨਾਲ ਹੀ ਰੈਸਕਿਊ ਕੀਤਾ ਜਾ ਸਕਦਾ ਹੈ ਪਰ ਹੈਲੀਕਾਪਟਰ ਦਾ ਫਿਲਹਾਲ ਉਡ ਸਕਣਾ ਮੁਮਕਿਨ ਨਹੀਂ ਹੈ।
ਦੂਜੇ ਪਾਸੇ ਦੱਖਣੀ ਸਿੱਕਮ ਵਿਚ ਤੀਸਤਾ ਨਦੀ ਉਫਾਨ ‘ਤੇ ਹੈ। ਇਸ ਨਾਲ ਕਈ ਘਰ ਵਹਿ ਚੁੱਕੇ ਹਨ। ਪਿਛਲੇ ਸਾਲ ਉੱਤਰੀ ਸਿੱਕਮ ਵਿਚ ਹਿਮਨਦ ਝੀਲ ਦੇ ਫਟਣ ਨਾਲ ਅਚਾਨਕ ਆਏ ਹੜ੍ਹ ਵਿਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।