ਮੁੰਬਈ ਪੁਲਿਸ ਨੇ ਸੋਮਵਾਰ ਨੂੰ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਉਹ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਉਦੋਂ ਤੱਕ ਕੋਈ ਸਖਤ ਕਾਰਵਾਈ ਨਹੀਂ ਕਰੇਗੀ, ਜਦੋਂ ਤੱਕ ਉਹ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ‘ਤੇ ਸਿੱਖ ਭਾਈਚਾਰੇ ਦੀ ਤੁਲਨਾ ਖਾਲਿਸਤਾਨੀ ਨਾਲ ਕਰਨ ‘ਤੇ ਇਤਰਾਜ਼ਯੋਗ ਪੋਸਟਾਂ ਪੋਸਟ ਕਰਨ ਦੇ ਮਾਮਲੇ ‘ਚ ਆਪਣੇ ਖਿਲਾਫ ਦਰਜ ਕੀਤੇ ਗਏ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰੇਗੀ । ਪੁਲਿਸ ਦਾ ਕਹਿਣਾ ਹੈ ਕਿ ਉਹ 25 ਜਨਵਰੀ ਤੱਕ ਕੰਗਨਾ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ, ਜੇਕਰ ਉਹ ਜਾਂਚ ਕਰਨ ਵਿੱਚ ਸਹਿਯੋਗ ਕਰਦੀ ਹੈ। ਕੰਗਨਾ ਰਣੌਤ ਨੇ ਇੱਕ ਰਿਕਾਰਡ ਕੀਤੇ ਆਡੀਓ ਰਾਹੀਂ ਹਾਈਕੋਰਟ ਨੂੰ ਦੱਸਿਆ ਕਿ ਉਹ 22 ਦਸੰਬਰ ਤੱਕ ਖਾਰ ਪੁਲਿਸ ਥਾਣੇ ਜਾ ਕੇ ਬਿਆਨ ਦਰਜ ਕਰਵਾਏਗੀ।

ਦੱਸ ਦੇਈਏ ਕਿ ਹਾਈਕੋਰਟ ਬੈਂਚ ਨੇ ਕੰਗਨਾ ਰਣੌਤ ਵੱਲੋਂ ਧਾਰਾ 482 CrPC ਤਹਿਤ ਦਾਇਰ ਪਟੀਸ਼ਨ ‘ਤੇ ਸੁਣਵਾਈ ਕੀਤੀ, ਜਿਸ ਵਿੱਚ ਉਸ ਨੇ ਆਪਣੇ ਵਿਰੁੱਧ IPC ਦੀ ਧਾਰਾ 295A ਤਹਿਤ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਜਦੋਂ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਤਾਂ ਅਦਾਕਾਰਾ ਵੱਲੋਂ ਸਿੱਖ ਭਾਈਚਾਰੇ ਖਿਲਾਫ਼ ਟਿੱਪਣੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਉਹ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਵੀ ਕਹਿ ਚੁੱਕੀ ਹੈ। ਜਿਸ ਤੋਂ ਬਾਅਦ ਕੰਗਨਾ ਵੱਲੋਂ ਆਜ਼ਾਦੀ ਘੁਲਾਟੀਆਂ ਬਾਰੇ ਵੀ ਨਫਰਤ ਭਰੀਆਂ ਪੋਸਟਾਂ ਪਾਈਆਂ ਗਈਆਂ। ਉਸ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਕੰਗਨਾ ਖਿਲਾਫ ਕਈ ਥਾਵਾਂ ‘ਤੇ ਐੱਫ. ਆਈ. ਆਰ. ਦਰਜ ਕਰਵਾ ਕੇ ਉਸ ਤੋਂ ਪਦਮ ਸ਼੍ਰੀ ਨੂੰ ਤੁਰੰਤ ਵਾਪਸ ਲੈਣ ਦੀ ਵੀ ਮੰਗ ਉੱਠੀ ਸੀ।
ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
