Mumbai terror attack: ਪੂਰੀ ਦੁਨੀਆ ਦੇ ਸਾਹਮਣੇ ਪਾਕਿਸਤਾਨ ਅੱਤਵਾਦ ਦੇ ਮੁੱਦੇ ‘ਤੇ ਬੇਨਾਕਬ ਹੋ ਗਿਆ ਹੈ। 26/11 ਹਮਲੇ ਦੇ 12 ਸਾਲ ਬਾਅਦ ਹੁਣ ਪਾਕਿਸਤਾਨ ਨੇ ਦੁਨੀਆ ਦੇ ਸਾਹਮਣੇ ਆਪਣਾ ਸਭ ਤੋਂ ਵੱਡਾ ਜੁਰਮ ਕਬੂਲਿਆ ਹੈ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ, ਭਾਵ ਐਫਆਈਏ, ਨੇ ਮੰਨਿਆ ਹੈ ਕਿ ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨ ‘ਚ ਪਲ ਰਹੇ ਹਨ, ਇਸ ਹਮਲੇ ਵਿੱਚ ਅੱਤਵਾਦੀਆਂ ਦੁਆਰਾ 150 ਤੋਂ ਵੱਧ ਨਿਰਦੋਸ਼ਾਂ ਨੂੰ ਮਾਰਿਆ ਗਿਆ ਸੀ। ਮੁੰਬਈ ਹਮਲਾ 2008 ਦੇ ਵਿੱਚ ਹੋਇਆ ਸੀ। ਹੁਣ ਪਾਕਿਸਤਾਨ ਨੇ ਕੁੱਝ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਹੈ, ਜੋ ਸਿੱਧੇ ਤੌਰ ‘ਤੇ ਮੁੰਬਈ ਹਮਲੇ ਦੀ ਯੋਜਨਾਬੰਦੀ ਅਤੇ ਫੰਡਿੰਗ ਨਾਲ ਜੁੜੇ ਹੋਏ ਸਨ। ਹੁਣ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਹੁਣ ਜਦੋਂ ਸੂਚੀ ਆ ਗਈ ਹੈ, ਤਾਂ ਪਾਕਿਸਤਾਨ ਨੂੰ ਇਸ ਮਾਮਲੇ ਵਿੱਚ ਨਿਆਂ ਕਰਨਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ। ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਸ ਮੁੱਦੇ ‘ਤੇ ਕਿਹਾ ਕਿ ਭਾਰਤ ਸਰਕਾਰ ਨੇ ਲਗਾਤਾਰ ਪਾਕਿਸਤਾਨੀ ਸਰਕਾਰ ਨੂੰ ਮੁੰਬਈ ਹਮਲੇ ‘ਤੇ ਕਾਰਵਾਈ ਕਰਨ ਦੇ ਨਾਲ-ਨਾਲ ਦੋਸ਼ੀਆਂ ਨੂੰ ਸਜਾ ਦੇਣ ਦੀ ਅਪੀਲ ਕੀਤੀ ਹੈ।
ਵਿਦੇਸ਼ ਮੰਤਰਾਲੇ ਵੱਲੋਂ ਇਹ ਕਿਹਾ ਗਿਆ ਸੀ ਕਿ ਭਾਰਤ ਹੀ ਨਹੀਂ ਬਲਕਿ ਕਈ ਦੇਸ਼ਾਂ ਨੇ ਪਾਕਿਸਤਾਨ ਨੂੰ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਇਨਸਾਫ ਕਰਨ ਲਈ ਕਿਹਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਇੰਨੇ ਸਬੂਤ ਸਵੀਕਾਰਨ ਤੋਂ ਬਾਅਦ ਵੀ ਹੁਣ ਤੱਕ ਪਾਕਿਸਤਾਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਦੱਸ ਦੇਈਏ ਕਿ 26/11 ਦੇ ਹਮਲੇ ਦੀ 12 ਵੀਂ ਬਰਸੀ ਆ ਰਹੀ ਹੈ, ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 15 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਸਨ। ਦਰਅਸਲ, ਪਾਕਿਸਤਾਨ ਨੇ ਹਾਲ ਹੀ ਵਿੱਚ ਇੱਕ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਉਸ ਨੇ ਪਾਕਿਸਤਾਨੀ ਧਰਤੀ ‘ਤੇ ਅੱਤਵਾਦੀਆਂ ਬਾਰੇ ਸੱਚਾਈ ਸਵੀਕਾਰ ਕੀਤੀ ਹੈ। ਇੱਥੇ ਤਕਰੀਬਨ 19 ਅੱਤਵਾਦੀ ਹਨ ਜਿਨ੍ਹਾਂ ਦੇ ਨਾਮ ਸਿੱਧੇ ਤੌਰ ‘ਤੇ ਮੁੰਬਈ ਹਮਲੇ ਦੀ ਯੋਜਨਾ ਨਾਲ ਜੁੜੇ ਹੋਏ ਹਨ। ਅਜਿਹੀ ਸਥਿਤੀ ਵਿੱਚ ਹੁਣ ਪਾਕਿਸਤਾਨ ਦੀ ਵੀ ਸਾਰੇ ਪਾਸੇ ਕਿਰਕਰੀ ਹੋ ਰਹੀ ਹੈ। ਇਸ ਲਿਸਟ ਵਿੱਚ ਲਸ਼ਕਰ-ਏ-ਤੋਇਬਾ ਦੇ ਕਈ ਅੱਤਵਾਦੀਆਂ ਦਾ ਨਾਮ ਲਿਆ ਗਿਆ ਹੈ, ਜਿਨ੍ਹਾਂ ਵਿੱਚ ਇਫਤਿਕਾਰ ਅਲੀ, ਮੁਹੰਮਦ ਅਮਜਦ ਖਾਨ, ਮੁਹੰਮਦ ਉਸਮਾਨ, ਅਬਦੁੱਲ ਰਹਿਮਾਨ ਅਤੇ ਹੋਰ ਅੱਤਵਾਦੀ ਸ਼ਾਮਿਲ ਹਨ। ਇਸਦੇ ਨਾਲ, ਪਾਕਿਸਤਾਨ ਨੇ ਕਬੂਲ ਕੀਤਾ ਹੈ ਕਿ ਮੁੰਬਈ ਅੱਤਵਾਦੀ ਹਮਲੇ ਦੀ ਯੋਜਨਾ ਅਤੇ ਫੰਡਿੰਗ ਪਾਕਿਸਤਾਨ ਤੋਂ ਕੀਤੀ ਗਈ ਸੀ।