Narendra modi stadium name change : ਅਹਿਮਦਾਬਾਦ ‘ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਨਾਮ ਹੁਣ ਨਰਿੰਦਰ ਮੋਦੀ ਸਟੇਡੀਅਮ ਹੋ ਗਿਆ ਹੈ। ਇਸ ਸਟੇਡੀਅਮ ਦਾ ਉਦਘਾਟਨ ਬੁੱਧਵਾਰ ਨੂੰ ਕੀਤਾ ਗਿਆ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਸਟੇਡੀਅਮ ਦਾ ਨਾਮ ਰੱਖਣ ਕਾਰਨ ਹੁਣ ਇੱਕ ਵਿਵਾਦ ਖੜ੍ਹਾ ਹੋ ਗਿ ਹੈ। ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਇਸ ਸਟੇਡੀਅਮ ਦੇ ਨਾਮ ਬਦਲਣ ‘ਤੇ ਚੁਟਕੀ ਲੈਂਦਿਆਂ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ਸ਼ੀ ਥਰੂਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ, “ਸ਼ਾਇਦ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਗ੍ਰਹਿ ਮੰਤਰੀ ਜਿਸ ਦੇ ਨਾਮ ‘ਤੇ ਇਹ ਸਟੇਡੀਅਮ ਹੈ, ਉਨ੍ਹਾਂ ਨੇ ਹੀ ਇਨ੍ਹਾਂ ਦੀ ਮੂਲ ਸੰਸਥਾ ‘ਤੇ ਪਾਬੰਦੀ ਲਗਾਈ ਸੀ। ਜਾਂ ਸ਼ਾਇਦ ਟਰੰਪ ਵਰਗੇ ਕਿਸੇ ਹੋਰ ਰਾਜ ਦੇ ਪ੍ਰਮੁੱਖ ਲਈ ਐਡਵਾਂਸ ਬੁਕਿੰਗ ਕੀਤੀ ਗਈ ਹੈ।
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਵੀ ਇਸ ਮੁੱਦੇ ‘ਤੇ ਟਵੀਟ ਕੀਤਾ ਹੈ। ਕਮਲਨਾਥ ਨੇ ਲਿਖਿਆ, “ਜਿਹੜੇ ਲੋਕ ਮਹਾਨ ਕੰਮ ਕਰਦੇ ਹਨ, ਦੁਨੀਆਂ ਉਨ੍ਹਾਂ ਨੂੰ ਯਾਦ ਰੱਖਦੀ ਹੈ, ਅਤੇ ਖ਼ੁਦ ਉਨ੍ਹਾਂ ਦੇ ਨਾਮ ‘ਤੇ ਵਿਰਾਸਤਾਂ ਦੇ ਨਾਮ ਰੱਖਦੀ ਹੈ, ਪਰ ਜਿਹੜੇ ਲੋਕ ਸਿਰਫ ਜ਼ੁਮਲੇ ਉਛਾਲਦੇ ਹਨ, ਉਹ ਜਿਉਂਦੇ ਜੀ ਹੀ ਆਪਣੇ ਨਾਮ ‘ਤੇ ਵਿਰਾਸਤਾਂ ਦਾ ਨਾਮ ਰੱਖਣ ‘ਚ ਲੱਗੇ ਰਹਿੰਦੇ ਹਨ ? ਅਹਿਮਦਾਬਾਦ ਦੇ “ਸਰਦਾਰ ਵੱਲਭਭਾਈ ਪਟੇਲ ਸਟੇਡੀਅਮ” ਦਾ ਨਾਮ ਹੁਣ “ਨਰਿੰਦਰ ਮੋਦੀ ਸਟੇਡੀਅਮ” ਰੱਖਿਆ ਜਾਵੇਗਾ ? ਇਹ ਲੋਹ ਪੁਰਸ਼ ਦਾ ਅਪਮਾਨ ਹੈ।
ਗੁਜਰਾਤ ਦੇ ਕਾਂਗਰਸੀ ਨੇਤਾ ਹਾਰਦਿਕ ਪਟੇਲ ਨੇ ਟਵੀਟ ਕੀਤਾ, “ਦੁਨੀਆ ਦੇ ਸਭ ਤੋਂ ਵੱਡੇ ਅਹਿਮਦਾਬਾਦ, ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਰੱਖਿਆ ਗਿਆ ਹੈ, ਕੀ ਇਹ ਸਰਦਾਰ ਪਟੇਲ ਦਾ ਅਪਮਾਨ ਨਹੀਂ ਹੈ? ਸਰਦਾਰ ਪਟੇਲ ਦੇ ਨਾਮ ‘ਤੇ ਵੋਟਾਂ ਮੰਗਣ ਵਾਲੀ ਭਾਜਪਾ ਹੁਣ ਸਰਦਾਰ ਸਾਹਬ ਦਾ ਅਪਮਾਨ ਕਰ ਰਹੀ ਹੈ। ਗੁਜਰਾਤ ਦੇ ਲੋਕ ਸਰਦਾਰ ਪਟੇਲ ਦਾ ਅਪਮਾਨ ਸਹਿਣ ਨਹੀਂ ਕਰਨਗੇ।”