National Sports Day: ਨਵੀਂ ਦਿੱਲੀ: ਦੇਸ਼ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਉਂਦਾ ਹੈ। ਇਹ ਦਿਨ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਧਿਆਨਚੰਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਪ੍ਰਤਿਭਾਸ਼ਾਲੀ ਅਥਲੀਟਾਂ ਲਈ ਪਰਿਵਾਰਾਂ ਅਤੇ ਕੋਚਾਂ ਦੀ ਵੀ ਸ਼ਲਾਘਾ ਕੀਤੀ।
ਇਸ ਸਬੰਧੀ ਟਵੀਟ ਕਰਦਿਆਂ ਪੀਐਮ ਮੋਦੀ ਨੇ ਆਪਣੇ ਟਵਿੱਟਰ ‘ਤੇ ਲਿਖਿਆ,”ਭਾਰਤ ਸਰਕਾਰ ਖੇਡਾਂ ਨੂੰ ਪ੍ਰਸਿੱਧ ਬਣਾਉਣ ਅਤੇ ਭਾਰਤ ਵਿੱਚ ਖੇਡ ਪ੍ਰਤਿਭਾ ਨੂੰ ਸਮਰਥਨ ਦੇਣ ਲਈ ਬਹੁਤ ਸਾਰੇ ਯਤਨ ਕਰ ਰਹੀ ਹੈ । ਮੈਂ ਸਾਰਿਆਂ ਨੂੰ ਖੇਡਾਂ ਅਤੇ ਤੰਦਰੁਸਤੀ ਨੂੰ ਆਪਣੇ ਰੋਜ਼ਮਰ੍ਹਾ ਦਾ ਹਿੱਸਾ ਬਣਾਉਣ ਲਈ ਅਪੀਲ ਕਰਦਾ ਹਾਂ । ਅਜਿਹਾ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਹਰ ਕੋਈ ਖੁਸ਼ ਅਤੇ ਤੰਦਰੁਸਤ ਹੋ ਸਕਦਾ ਹੈ! “
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅੱਜ ਰਾਸ਼ਟਰੀ ਖੇਡ ਦਿਵਸ ‘ਤੇ ਅਸੀਂ ਮੇਜਰ ਧਿਆਨਚੰਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਸਦੀ ਹਾਕੀ ਸਟਿਕਸ ਦਾ ਜਾਦੂ ਕਦੇ ਭੁਲਾਇਆ ਨਹੀਂ ਜਾ ਸਕਦਾ। ਅੱਜ ਸਾਡੇ ਪ੍ਰਤਿਭਾਵਾਨ ਅਥਲੀਟਾਂ ਦੀ ਸਫਲਤਾ ਲਈ ਪਰਿਵਾਰਾਂ, ਕੋਚਾਂ ਅਤੇ ਸਹਾਇਤਾ ਸਟਾਫ ਵੱਲੋਂ ਦਿੱਤੇ ਗਏ ਵਧੀਆ ਸਮਰਥਨ ਦੀ ਪ੍ਰਸੰਸਾ ਕਰਨ ਵਾਲਾ ਦਿਨ ਹੈ। ਰਾਸ਼ਟਰੀ ਖੇਡ ਦਿਵਸ ਉਨ੍ਹਾਂ ਸਾਰੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਮਨਾਉਣ ਦਾ ਦਿਨ ਹੈ ਜਿਨ੍ਹਾਂ ਨੇ ਵੱਖ-ਵੱਖ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਅਤੇ ਸਾਡੇ ਰਾਸ਼ਟਰ ਨੂੰ ਮਾਣ ਦਿਵਾਇਆ ਹੈ। ”
ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਖੇਡ ਦਿਵਸ
ਮੇਜਰ ਧਿਆਨਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 29 ਅਗਸਤ 1905 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਵਿੱਚ ਇੱਕ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਹਾਕੀ ਦੇ ਮਹਾਨ ਖਿਡਾਰੀ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਹਿਣ ਦੇ ਪਿੱਛੇ ਦਾ ਕਾਰਨ ਮੈਦਾਨ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਹੈ। ਉਨ੍ਹਾਂ ਨੇ ਸਾਲ 1928, 1932 ਅਤੇ 1936 ਵਿੱਚ ਤਿੰਨ ਓਲੰਪਿਕ ਸੋਨ ਤਗਮੇ ਜਿੱਤੇ ਸਨ। ਇਸ ਖਿਡਾਰੀ ਦੀ ਸਫਲਤਾ ਦੀ ਕਹਾਣੀ ਦਾ ਕਿੱਸਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਧਿਆਨਚੰਦ ਨੇ ਆਪਣੇ ਕਰੀਅਰ ਵਿੱਚ 400 ਤੋਂ ਵੱਧ ਗੋਲ ਕੀਤੇ । ਭਾਰਤ ਸਰਕਾਰ ਨੇ ਧਿਆਨਚੰਦ ਨੂੰ 1956 ਵਿੱਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ । ਇਸ ਲਈ ਉਨ੍ਹਾਂ ਦੇ ਜਨਮਦਿਨ ਅਰਥਾਤ 29 ਅਗਸਤ ਨੂੰ ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ।