ਰਾਜਸਥਾਨ ਵਿਚ ਸਿੱਖਿਆ ਵਿਭਾਗ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਹੁਣ ਸਕੂਲਾਂ ‘ਚ ਅਧਿਆਪਕ ਮੋਬਾਈਲ ਨਹੀਂ ਲੈਕੇ ਜਾ ਸਕਣਗੇ। ਇਹ ਹੁਕਮ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਜਾਰੀ ਕੀਤੇ ਹਨ। ਉਨ੍ਹਾਂ ਦਾ ਤਰਕ ਹੈ ਕਿ ਸਕੂਲਾਂ ਵਿਚ ਅਧਿਆਪਕ ਸਾਰਾ ਦਿਨ ਮੋਬਾਈਲ ‘ਤੇ ਸਮਾਂ ਬਿਤਾ ਰਹੇ ਹਨ। ਉਹ ਸ਼ੇਅਰ ਬਾਜ਼ਾਰ ਅਤੇ ਹੋਰ ਤਸਵੀਰਾਂ ਦੇਖਦੇ ਰਹਿੰਦੇ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਮੋਬਾਈਲ ਇੱਕ ਬਿਮਾਰੀ ਦੀ ਤਰ੍ਹਾਂ ਬਣ ਗਿਆ ਹੈ।
ਸੰਯੁਕਤ ਡਾਇਰੈਕਟਰ ਸਕੂਲ ਸਿੱਖਿਆ ਕੋਟਾ ਡਵੀਜ਼ਨ ਨੇ ਇੱਕ ਪੱਤਰ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਮੋਬਾਈਲ ਫ਼ੋਨ ‘ਤੇ ਪਾਬੰਦੀ ਲਾਉਣ ਦੇ ਸੰਕੇਤ ਦਿੱਤੇ ਸਨ। ਦਿਲਾਵਰ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਮੋਬਾਈਲ ਫ਼ੋਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਸਿਰਫ਼ ਪ੍ਰਿੰਸੀਪਲ ਨੂੰ ਹੀ ਮੋਬਾਈਲ ਲੈਕੇ ਆਉਣ ਦੀ ਇਜਾਜ਼ਤ ਹੋਵੇਗੀ ਤੇ ਜੇਕਰ ਕੋਈ ਅਧਿਆਪਕ ਗਲਤੀ ਨਾਲ ਸਕੂਲ ਵਿਚ ਮੋਬਾਈਲ ਲੈ ਕੇ ਆ ਵੀ ਜਾਂਦਾ ਹੈ ਤਾਂ ਉਸ ਨੂੰ ਆਪਣਾ ਫੋਨ ਪ੍ਰਿੰਸੀਪਲ ਕੋਲ ਜਮ੍ਹਾ ਕਰਵਾਉਣਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਭਲਕੇ ਜਾਰੀ ਹੋਵੇਗਾ ਲੋਕ ਸਭਾ ਚੋਣ ਨੋਟੀਫਿਕੇਸ਼ਨ, ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਹੋਵੇਗੀ 14 ਮਈ
ਮੁੱਖ ਜ਼ਿਲ੍ਹਾ ਸਿੱਖਿਆ ਆਧਿਕਾਰੀ ਕੋਟਾ, ਬਾਂਰਾ, ਬੂੰਦੀ ਤੇ ਝਾਲਾਵਾੜ ਨੂੰ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਜੇਕਰ ਸਕੂਲ ਵਿਚ ਕੋਈ ਟੀਚਰ ਜਾਂ ਮੁਲਾਜ਼ਮ ਮੋਬਾਈਲ ਦਾ ਇਸਤੇਮਾਲ ਨਿੱਜੀ ਕੰਮ ਲਈ ਕਰਦਾ ਪਾਇਆ ਜਾਂਦਾ ਹੈ ਤਾਂ ਸਬੰਧਤ ਸੰਸਥਾ ਪ੍ਰਧਾਨ, ਸਬੰਧਤ ਪੀਈਓ ਤੇ ਉਸ ਖੇਤਰ ਨਾਲ ਸਬੰਧਤ ਮੁੱਖ ਬਲਾਕ ਸਿੱਖਿਆ ਅਧਿਕਾਰੀ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।