ਦੇਸ਼ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ, ਉੱਥੇ ਹੀ ਹੁਣ ਦੂਜੇ ਪਾਸੇ ਦੇਸ਼ ਨੂੰ ਕੋਰੋਨਾ ਵੈਕਸੀਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕੀ ਟੀਕਾ ਨਿਰਮਾਤਾ ਕੰਪਨੀਆਂ- Pfizer ਅਤੇ Moderna ਨੇ ਦਿੱਲੀ ਨੂੰ ਟੀਕਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ ।
ਇਹ ਵੀ ਪੜ੍ਹੋ: Big Breaking : ਦੀਪ ਸਿੱਧੂ ‘ਤੇ ਦਰਜ ਹੋਇਆ ਇੱਕ ਹੋਰ ਕੇਸ, ਜਾਣੋ ਕੀ ਹੈ ਪੂਰਾ ਮਾਮਲਾ
ਕੇਜਰੀਵਾਲ ਨੇ ਦੱਸਿਆ ਕਿ Pfizer ਅਤੇ Moderna ਨਾਲ ਵੈਕਸੀਨ ਖਰੀਦਣ ਨੂੰ ਲੈ ਕੇ ਸਾਡੀ ਗੱਲਬਾਤ ਹੋਈ ਸੀ, ਪਰ ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਵੈਕਸੀਨ ਨਹੀਂ ਦੇਵਾਂਗੇ, ਬਸ ਕੇਂਦਰ ਸਰਕਾਰ ਨਾਲ ਗੱਲਬਾਤ ਕਰਾਂਗੇ ।
ਅਜਿਹੀ ਹੀ ਗੱਲ ਪੰਜਾਬ ਸਰਕਾਰ ਨੇ ਵੀ ਕਹੀ ਹੈ। ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਤੇ ਕੋਵਿਡ ਟੀਕਾਕਰਨ ਦੇ ਨੋਡਲ ਅਧਿਕਾਰੀ ਵਿਕਾਸ ਗਰਗ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਨੇ ਟੀਕੇ ਬਾਰੇ ਮੋਡਰਨਾ ਨਾਲ ਸੰਪਰਕ ਕੀਤਾ ਸੀ, ਪਰ ਕੰਪਨੀ ਨੇ ਉਨ੍ਹਾਂ ਨਾਲ ਸਿੱਧੇ ਤੌਰ ‘ਤੇ ਡੀਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਬੱਸ ਕੇਂਦਰ ਨਾਲ ਟੀਕੇ ਬਾਰੇ ਗੱਲ ਕਰਨਗੇ।
ਦੱਸ ਦੇਈਏ ਕਿ ਦਿੱਲੀ ਵਿੱਚ ਟੀਕੇ ਦੀ ਭਾਰੀ ਘਾਟ ਹੈ। ਪਿਛਲੇ 13 ਦਿਨਾਂ ਤੋਂ ਦਿੱਲੀ ਵਿੱਚ ਕੋਵੈਕਸੀਨ ਦਾ ਸਟਾਕ ਖਤਮ ਹੈ ਅਤੇ ਸੋਮਵਾਰ ਤੱਕ ਕੋਵਿਸ਼ਿਲਡ ਵੈਕਸੀਨ ਵੀ ਖਤਮ ਹੋਣ ਦੀ ਜਾਣਕਾਰੀ ਸੀ।
ਜ਼ਿਕਰਯੋਗ ਹੈ ਕਿ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਵਿੱਚ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਨੂੰ ਵੀ ਟੀਕਾ ਲੱਗ ਰਿਹਾ ਹੈ, ਪਰ ਵੈਕਸੀਨ ਦੀ ਕਮੀ ਦੇ ਚਲਦਿਆਂ ਰਾਜ ਫਸੇ ਹੋਏ ਹਨ । ਇਸ ਮਾਮਲੇ ਵਿੱਚ ਰਾਜਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਹਰ ਉਮਰ ਸਮੂਹਾਂ ਦੇ ਟੀਕਾਕਰਨ ਦਾ ਭਾਰ ਚੁੱਕਣਾ ਚਾਹੀਦਾ ਹੈ। ਟੀਕੇ ਲਈ ਵਿਦੇਸ਼ੀ ਕੰਪਨੀਆਂ ਨਾਲ ਗੱਲਬਾਤ ਕਰਨਾ ਵੀ ਕੇਂਦਰ ਦੀ ਜ਼ਿੰਮੇਵਾਰੀ ਹੈ।
ਇਹ ਵੀ ਦੇਖੋ: ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !