ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਅਸਾਮ ਦਾ ਦੌਰਾ ਕਰਨਗੇ, ਜਿੱਥੇ ਉਹ 7 ਕੈਂਸਰ ਹਸਪਤਾਲਾਂ ਦਾ ਉਦਘਾਟਨ ਕਰਨਗੇ ਅਤੇ 7 ਦਾ ਨੀਂਹ ਪੱਥਰ ਰੱਖਣਗੇ । ਇਸ ਦੇ ਨਾਲ ਹੀ ਕਈ ਵਿਦਿਅਕ ਅਤੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ । ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੀਆਂ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਪੀਐਮ ਮੋਦੀ 11 ਵਜੇ ਨਾਗਾਲੈਂਡ ਦੇ ਦੀਮਾਪੁਰ ਹਵਾਈ ਅੱਡੇ ‘ਤੇ ਪਹੁੰਚਣਗੇ ਜਿੱਥੋਂ ਉਹ ਹੈਲੀਕਾਪਟਰ ਰਾਹੀਂ ਅਸਾਮ ਦੇ ਕਾਰਬੀ ਆਂਗਲੌਂਗ ਜ਼ਿਲ੍ਹੇ ਲਈ ਰਵਾਨਾ ਹੋਣਗੇ। ਪੀਐਮ ਮੋਦੀ ਲੋਰਿੰਗਥੇਪੀ ਵਿਖੇ ਸ਼ਾਂਤੀ ਅਤੇ ਵਿਕਾਸ ਰੈਲੀ ਨੂੰ ਸੰਬੋਧਿਤ ਕਰਨਗੇ ਅਤੇ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਦਿਅਕ ਅਤੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਪੀਐਮ ਮੋਦੀ ਡਿਬਰੂਗੜ੍ਹ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ: ‘ਜਲਦ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਜਾਣਗੀਆਂ’: ਟਰਾਂਸਪੋਰਟ ਮੰਤਰੀ
ਪ੍ਰਧਾਨ ਮੰਤਰੀ ਮੋਦੀ ਸੱਤ ਕੈਂਸਰ ਹਸਪਤਾਲਾਂ ਦਾ ਡਿਜੀਟਲ ਤੌਰ ‘ਤੇ ਉਦਘਾਟਨ ਕਰਨਗੇ ਅਤੇ ਅਸਾਮ ਵਿੱਚ ਡਿਬਰੂਗੜ੍ਹ ਤੋਂ ਖਾਨਿਕਰ ਪਾਰਕ ਤੱਕ ਸੱਤ ਹੋਰਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ, ਰਾਜਪਾਲ ਜਗਦੀਸ਼ ਮੁਖੀ ਅਤੇ ਮੁੱਖ ਮੰਤਰੀ ਸਰਮਾ ਵੀ ਮੌਜੂਦ ਰਹਿਣਗੇ। ਡਿਬਰੂਗੜ੍ਹ, ਬਾਰਪੇਟਾ, ਤੇਜ਼ਪੁਰ, ਜੋਰਹਾਟ, ਲਖੀਮਪੁਰ, ਕੋਕਰਾਝਾੜ ਅਤੇ ਦਰਾਂਗ ਵਿੱਚ ਸੱਤ ਹਸਪਤਾਲਾਂ ਦਾ ਉਦਘਾਟਨ ਕੀਤਾ ਜਾਵੇਗਾ।
ਦੱਸ ਦੇਈਏ ਕਿ ਪੀਐੱਮ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਵੀਰਵਾਰ ਨੂੰ ਦੋਵਾਂ ਜ਼ਿਲ੍ਹਿਆਂ ਦੇ ਸਕੂਲਾਂ, ਕਾਲਜਾਂ, ਰਾਜ ਸਰਕਾਰ ਦੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਟਰਾਂਸਪੋਰਟ ਵਿਭਾਗ ਨੇ ਸਮਾਗਮਾਂ ਵਾਲੇ ਸਥਾਨਾਂ ਤੱਕ ਲੋਕਾਂ ਨੂੰ ਲਿਆਉਣ ਲਈ ਵੱਡੀ ਗਿਣਤੀ ਵਿੱਚ ਬੱਸਾਂ ਦੀ ਸੇਵਾ ਲਈ ਹੈ। ਦੋਵਾਂ ਜ਼ਿਲ੍ਹਿਆਂ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਪਹੁੰਚ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਲੋਕਾਂ ਨੂੰ ਰਵਾਇਤੀ ਅਸਾਮੀ ਤਰੀਕੇ ਨਾਲ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: