PM Modi gets first dose: ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ । ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਹੈ। ਪ੍ਰਧਾਨ ਮੰਤਰੀ ਮੋਦੀ ਖੁਦ ਸਵੇਰੇ ਨਵੀਂ ਦਿੱਲੀ ਦੇ ਏਮਜ਼ ਪਹੁੰਚੇ ਅਤੇ ਕੋਰੋਨਾ ਵੈਕਸੀਨ ਲਗਵਾਈ । ਇਸ ਦੇ ਨਾਲ ਹੀ ਪੀਐਮ ਮੋਦੀ ਨੇ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਕੀਤੀ । ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ, ‘ਮੈਂ AIIMS ਵਿੱਚ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ, ਇਹ ਸ਼ਲਾਘਾਯੋਗ ਹੈ ਕਿ ਕਿਸ ਤਰ੍ਹਾਂ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋਰੋਨਾ ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਲਈ ਤੁਰੰਤ ਸਮੇਂ ਵਿੱਚ ਕੰਮ ਕੀਤਾ, ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜੋ ਵੈਕਸੀਨ ਲੈਣ ਦੇ ਯੋਗ ਹਨ, ਮਿਲ ਕੇ ਭਾਰਤ ਨੂੰ ਕੋਰੋਨਾ ਮੁਕਤ ਬਣਾਉਣ।’
ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਬਾਇਓਟੈਕ ਦੀ ਕੋਵੈਕਸਿਨ ਦੀ ਪਹਿਲੀ ਖੁਰਾਕ ਲਈ ਹੈ । ਦਿੱਲੀ ਦੇ ਏਮਜ਼ ਵਿੱਚ ਕੰਮ ਕਰਨ ਵਾਲੀ ਪੁਡੂਚੇਰੀ ਦੀ ਸਿਸਟਰ ਪੀ ਨਿਵੇਦਾ ਨੇ ਪੀਐਮ ਮੋਦੀ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਹੈ। ਕੋਵੈਕਸੀਨ ਇੱਕ ਦੇਸੀ ਟੀਕਾ ਹੈ ਜਿਸ ਨੂੰ ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ।
ਦੇਸੀ ਟੀਕਾ ‘ਕੋਵੈਕਸੀਨ’ ਦੀ ਖੁਰਾਕ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੇ ਸੰਦੇਸ਼ ਦਿੱਤੇ ਹਨ । ਦਰਅਸਲ, ਇਸ ਵੈਕਸੀਨ ‘ਤੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਇਸ ਵੈਕਸੀਨ ‘ਤੇ ਸਵਾਲ ਖੜੇ ਕੀਤੇ ਹਨ । ਹੁਣ ਪ੍ਰਧਾਨ ਮੰਤਰੀ ਮੋਦੀ ਨੇ ਕੋਵੈਕਸੀਨ ਦੀ ਡੋਜ਼ ਲੈ ਕੇ ਭਰੋਸੇਯੋਗ ਸੰਕਟ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾਲ ਹੀ ਸਵੈ-ਨਿਰਭਰ ਭਾਰਤ ਦਾ ਨਾਅਰਾ ਬੁਲੰਦ ਕੀਤਾ ਹੈ ਅਤੇ ਲੋਕਾਂ ਨੂੰ ਟੀਕਾਕਰਨ ਪ੍ਰੋਗਰਾਮ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਅੱਜ ਦੇਸ਼ ਵਿੱਚ ਟੀਕਾਕਰਨ ਦੇ ਦੂਜੇ ਪੜਾਅ ਦਾ ਆਗਾਜ਼ ਹੋ ਰਿਹਾ ਹੈ। ਕੋਰੋਨਾ ਵਿਰੁੱਧ ਵੈਕਸੀਨ ਯੁੱਧ ਦੇ ਅਗਲੇ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕ ਜਾਂ ਫਿਰ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾ ਸਕਣਗੇ । ਇਸ ਦੇ ਪ੍ਰਬੰਧ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਵਿੱਚ ਵੀ ਕੀਤੇ ਗਏ ਹਨ।