PM Modi Holds Meet: ਦੇਸ਼ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਪੀਐਮ ਮੋਦੀ ਨੇ ਸ਼ੁੱਕਰਵਾਰ ਨੂੰ ਮੁੱਖ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਕੋਰੋਨਾ ਵੈਕਸੀਨ ਨੂੰ ਲੈ ਕੇ ਤਿਆਰ ਕੀਤੀ ਜਾ ਰਹੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕੀਤੇ ।
ਪੀਐਮ ਮੋਦੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ । ਪੀਐਮ ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਕਿ ਭਾਰਤ ਦੀ ਵੈਕਸੀਨ ਰਣਨੀਤੀ ਅਤੇ ਅਗਲੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੈਕਸੀਨ ਦੀ ਤਿਆਰੀ ਨਾਲ ਸਬੰਧਿਤ ਜਾਣਕਾਰੀ, ਵੈਕਸੀਨ ਦੀ ਪ੍ਰਵਾਨਗੀ ਅਤੇ ਖਰੀਦ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ।
ਇੱਕ ਹੋਰ ਟਵੀਟ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਇਸ ਬੈਠਕ ਵਿੱਚ ਕੋਰੋਨਾ ਵੈਕਸੀਨ ਦੇਣ ਦੀ ਪਹਿਲ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਟਵਿੱਟਰ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਬੈਠਕ ਵਿੱਚ ਵੈਕਸੀਨ ਉਪਲਬਧ ਹੋਣ ਅਤੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਸ ਨੂੰ ਜੋੜਨ ਬਾਰੇ ਵੀ ਵਿਚਾਰ ਵਟਾਂਦਰੇ ਹੋਏ । ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਮੁੱਖ ਸਕੱਤਰ, ਕੈਬਨਿਟ ਸਕੱਤਰ, ਮੈਂਬਰ (ਸਿਹਤ) ਨੀਤਿ ਆਯੋਗ, ਪ੍ਰਮੁੱਖ ਵਿਗਿਆਨਕ ਸਲਾਹਕਾਰ, ਸਿਹਤ ਸਕੱਤਰ, ਆਈਸੀਐਮਆਰ ਦੇ ਡਾਇਰੈਕਟਰ ਜਨਰਲ, ਪੀਐਮਓ ਦੇ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਸਬੰਧਤ ਵਿਭਾਗਾਂ ਦੇ ਸਕੱਤਰ ਹਾਜ਼ਰ ਸਨ।
ਪੀਐਮ ਮੋਦੀ ਨੇ ਕਿਹਾ ਕਿ ਕੋਵਿਡ-19 ਵੈਕਸੀਨ ਦੀ ਪਹਿਲ ਦੇ ਲਈ ਕੋਰੋਨਾ ਨਾਲ ਜੰਗ ਲੜ੍ਹ ਰਹੇ ਸਿਹਤ ਕਰਮਚਾਰੀਆਂ ਅਤੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ ਕੋਰੋਨਾ ਵੈਕਸੀਨ ਪਹਿਲਾਂ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਕੋਵਿਡ-19 ਵੈਕਸੀਨ ਦੀ ਵੰਡ ਦੀ ਪ੍ਰਕਿਰਿਆ ਅਤੇ ਵੰਡ ਸਬੰਧੀ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ।
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਵੈਕਸੀਨ ਬਣਾਉਣ ਵਿੱਚ ਲੱਗੇ ਨਵੀਨਤਾਕਾਰਾਂ, ਵਿਗਿਆਨੀਆਂ, ਵਿਦਿਅਕਾਂ ਅਤੇ ਫਾਰਮਾ ਕੰਪਨੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਦਾਇਤ ਦਿੱਤੀ ਕਿ ਵੈਕਸੀਨ ਦੀ ਖੋਜ, ਵਿਕਾਸ ਅਤੇ ਨਿਰਮਾਣ ਵਿੱਚ ਸੁਵਿਧਾ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ । ਸਰਕਾਰ ਨੇ ਕੋਵਿਡ-19 ਵੈਕਸੀਨ ਖੋਜ ਅਤੇ ਵਿਕਾਸ ਲਈ ਕੋਵਿਦ ਸੁਰੱਖਿਆ ਮਿਸ਼ਨ ਤਹਿਤ 900 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਵੈਕਸੀਨ ਦੀ ਐਮਰਜੈਂਸੀ ਵਰਤੋਂ, ਵੈਕਸੀਨ ਦੇ ਨਿਰਮਾਣ ਅਤੇ ਸੰਚਾਲਨ ਦੇ ਪਹਿਲੂਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅਤੇ ਹੋਰ ਦੇਸ਼ਾਂ ਵਿੱਚ ਕਈ ਵੈਕਸੀਨ ਤੀਜੇ ਪੜਾਅ ਦੇ ਟ੍ਰਾਇਲ ਵਿੱਚ ਹਨ। ਅਜਿਹੇ ਵਿੱਚ ਵੈਕਸੀਨ ਦੇ ਸਫਲ ਹੋਣ ‘ਤੇ ਦੇਸ਼ ਦੇ ਲੋਕਾਂ ਨੂੰ ਜਲਦ ਤੋਂ ਜਲਦ ਕੋਰੋਨਾ ਵੈਕਸੀਨ ਦੀ ਵਰਤੋਂ ਨਾਲ ਜੁੜੀਆਂ ਪ੍ਰਕ੍ਰਿਆਵਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦੀਆਂ ਤਿਆਰੀਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।