PM Modi Launches Property Card: ਦੇਸ਼ ਵਿੱਚ ਸਵਾਮਿਤਵ ਯੋਜਨਾ ਸ਼ੁਰੂ ਹੋ ਗਈ ਹੈ। ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਅਭਿਲਾਸ਼ੀ ਯੋਜਨਾ ਦੀ ਸ਼ੁਰੂਆਤ ਕੀਤੀ । ਇਸ ਯੋਜਨਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਲਗਭਗ ਇੱਕ ਲੱਖ ਲੋਕਾਂ ਨੂੰ ਪ੍ਰਾਪਰਟੀ ਕਾਰਡ ਵੰਡੇ ਜਾਣਗੇ । ਇਹ ਕਾਰਡ ਮੋਬਾਈਲ ਫੋਨ ‘ਤੇ SMS ਜ਼ਰੀਏ ਭੇਜੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਪੰਚਾਇਤੀ ਰਾਜ ਮੰਤਰਾਲੇ ਅਧੀਨ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ 6 ਰਾਜਾਂ ਦੇ 763 ਪੰਚਾਇਤਾਂ ਦੇ ਇੱਕ ਲੱਖ ਲੋਕ ਲਾਭ ਲੈ ਰਹੇ ਹਨ । ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 346, ਹਰਿਆਣਾ ਦੀਆਂ 221, ਮਹਾਰਾਸ਼ਟਰ ਦੀਆਂ 100, ਮੱਧ ਪ੍ਰਦੇਸ਼ ਵਿਚੋਂ 44, ਉਤਰਾਖੰਡ ਦੀਆਂ 50 ਅਤੇ ਕਰਨਾਟਕ ਦੀਆਂ ਦੋ ਪੰਚਾਇਤਾਂ ਸ਼ਾਮਿਲ ਹਨ।
ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਸਵਾਮਿਤਵ ਕਾਰਡ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਕੋਈ ਵੀ ਤੁਹਾਡੀ ਜਾਇਦਾਦ ‘ਤੇ ਗਲਤ ਨਜ਼ਰ ਨਹੀਂ ਪਾ ਸਕੇਗਾ। ਇਸ ਦੌਰਾਨ ਇਸ ਕਾਰਡ ਨੂੰ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਇਦਾਦ ਕਾਰਡ ਪ੍ਰਾਪਤ ਕਰਕੇ ਸਮਾਜਿਕ ਅਤੇ ਵਿੱਤੀ ਤਾਕਤ ਮਿਲੀ ਹੈ। ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ, ਕਾਰਡ ਧਾਰਕਾਂ ਨੇ ਕਿਹਾ ਕਿ ਇਸ ਕਾਰਡ ਰਾਹੀਂ ਉਨ੍ਹਾਂ ਨੂੰ ਆਸਾਨੀ ਨਾਲ ਬੈਂਕ ਤੋਂ ਕਰਜ਼ੇ ਮਿਲਣੇ ਸ਼ੁਰੂ ਹੋ ਗਏ ਹਨ, ਨਾਲ ਹੀ ਪਿੰਡਾਂ ਵਿੱਚ ਉਨ੍ਹਾਂ ਦੀ ਜਾਇਦਾਦ ਦਾ ਵਿਵਾਦ ਖ਼ਤਮ ਹੋ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 1 ਲੱਖ ਲੋਕਾਂ ਨੂੰ ਕਾਰਡ ਮਿਲਣ ਨਾਲ ਉਹ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਨ। ਇਹ ਯੋਜਨਾ ਪਿੰਡ ਦੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੁਹਾਡੇ ਕੋਲ ਅਧਿਕਾਰ ਹੈ, ਇੱਕ ਕਾਨੂੰਨੀ ਦਸਤਾਵੇਜ਼ ਹੈ ਕਿ ਤੁਹਾਡਾ ਘਰ ਤੁਹਾਡਾ ਹੈ, ਇਹ ਤੁਹਾਡਾ ਹੀ ਰਹੇਗਾ। ਇਹ ਯੋਜਨਾ ਸਾਡੇ ਦੇਸ਼ ਦੇ ਪਿੰਡਾਂ ਵਿੱਚ ਇਤਿਹਾਸਕ ਤਬਦੀਲੀਆਂ ਲਿਆਉਣ ਜਾ ਰਹੀ ਹੈ। ਇਸ ਤੋਂ ਅੱਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਨੇ ਸਵੈ-ਨਿਰਭਰ ਭਾਰਤ ਮੁਹਿੰਮ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਸਵਾਮਿਤਵ ਯੋਜਨਾ ਪਿੰਡ ਵਿੱਚ ਰਹਿੰਦੇ ਸਾਡੇ ਭੈਣ-ਭਰਾਵਾਂ ਨੂੰ ਸਵੈ-ਨਿਰਭਰ ਬਣਾਉਣ ਵਿੱਚ ਬਹੁਤ ਮਦਦ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪਿੰਡਾਂ ਵਿੱਚ ਸਵਾਮਿਤਵ ਨਾਲ ਜੁੜੀਆਂ ਕਈ ਲੜਾਈਆਂ ਨੂੰ ਖਤਮ ਕਰੇਗੀ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤੀ ਦਿਵਸ ‘ਤੇ ਇਸਦੀ ਘੋਸ਼ਣਾ ਕੀਤੀ ਸੀ। ਇਸ ਯੋਜਨਾ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਘਰਾਂ ਦੇ ਮਾਲਕਾਂ ਨੂੰ ਰਿਕਾਰਡ ਨਾਲ ਸਬੰਧਤ ਅਧਿਕਾਰਾਂ ਨਾਲ ਪ੍ਰਾਪਰਟੀ ਕਾਰਡ ਪ੍ਰਦਾਨ ਕਰਨਾ ਹੈ। ਇਸ ਯੋਜਨਾ ਨੂੰ ਪੂਰੇ ਦੇਸ਼ ਵਿੱਚ ਚਾਰ ਸਾਲਾਂ ਵਿੱਚ ਪੜਾਅਵਾਰ ਲਾਗੂ ਕੀਤਾ ਜਾਣਾ ਹੈ।