PM Modi lays foundation stone: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ । ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ ਤਕਰੀਬਨ 614 ਕਰੋੜ ਹੈ । ਪੀਐਮ ਮੋਦੀ ਨੇ ਇਸ ਦੌਰਾਨ ਕਿਹਾ ਕਿ ਬਨਾਰਸ ਵਿੱਚ ਜੋ ਵਿਕਾਸ ਕਾਰਜ ਹੋ ਰਹੇ ਹਨ, ਸਰਕਾਰ ਨੇ ਜੋ ਫੈਸਲੇ ਲਏ ਹਨ, ਉਨ੍ਹਾਂ ਦਾ ਲਾਭ ਬਨਾਰਸ ਦੇ ਲੋਕਾਂ ਨੂੰ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੁਸ਼ਕਿਲ ਸਮੇਂ ਵਿੱਚ ਵੀ ਕਾਸ਼ੀ ਕਦੇ ਨਹੀਂ ਰੁਕਿਆ । ਉਹ ਮਾਂ ਗੰਗਾ ਵਾਂਗ ਅੱਗੇ ਵੱਧਦੀ ਰਹਿੰਦੀ ਹੈ।
ਪੀਐਮ ਮੋਦੀ ਨੇ ਕਿਹਾ, “ਕੋਰੋਨਾ ਖ਼ਿਲਾਫ਼ ਬਨਾਰਸ ਨੇ ਜੋ ਲੜਾਈ ਲੜੀ, ਇਸ ਮੁਸ਼ਕਿਲ ਸਮੇਂ ਵਿੱਚ ਜੋ ਸਮਾਜਿਕ ਏਕਤਾ ਦਿਖਾਈ ਹੈ, ਉਹ ਬਹੁਤ ਸ਼ਲਾਘਾਯੋਗ ਹੈ। ਇੱਥੇ ਅੱਜ ਵੀ, ਲਗਭਗ 220 ਕਰੋੜ ਰੁਪਏ ਦੀਆਂ 16 ਸਕੀਮਾਂ ਦੇ ਉਦਘਾਟਨ ਦੇ ਨਾਲ, ਲਗਭਗ 400 ਕਰੋੜ ਰੁਪਏ ਦੀਆਂ 14 ਸਕੀਮਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਹੌਲੀ-ਹੌਲੀ ਘਾਟਾਂ ਦੀ ਤਸਵੀਰ ਬਦਲ ਰਹੀ ਹੈ। ਗੰਗਾ ਘਾਟ ਦੀ ਸਵੱਛਤਾ ਅਤੇ ਸੁੰਦਰੀਕਰਨ ਦੇ ਨਾਲ-ਨਾਲ ਸਾਰਨਾਥ ਵੀ ਇੱਕ ਨਵੇਂ ਰੂਪ ਵਿੱਚ ਨਿਖਰ ਰਿਹਾ ਹੈ।”
ਮੋਦੀ ਨੇ ਅੱਗੇ ਕਿਹਾ, “ਅੱਜ, ਗੰਗਾ ਐਕਸ਼ਨ ਪਲਾਨ ਪ੍ਰੋਜੈਕਟ ਦੇ ਤਹਿਤ ਕਾਸ਼ੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਪੂਰਾ ਹੋ ਗਿਆ ਹੈ । ਇਸਦੇ ਨਾਲ ਹੀ ਸਾਹੀ ਨਾਲਾ ਦੇ ਵਾਧੂ ਸੀਵਰੇਜ ਨੂੰ ਗੰਗਾ ਵਿੱਚ ਡਿੱਗਣ ਤੋਂ ਰੋਕਣ ਲਈ ਡਾਇਵਰਜਨ ਲਾਈਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ । ਅੱਜ ਜਿਸ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਉਦਘਾਟਨ ਹੋਇਆ ਹੈ, ਉਹ ਸਰਨਾਥ ਦੀ ਮਹਿਮਾ ਨੂੰ ਵਧਾਏਗਾ । ਕਾਸ਼ੀ ਦੀ ਇੱਕ ਵੱਡੀ ਸਮੱਸਿਆ ਬਿਜਲੀ ਦੀਆਂ ਲਟਕਦੀਆਂ ਤਾਰਾਂ ਦੇ ਜਾਲ ਦੀ ਰਹੀ ਹੈ। ਅੱਜ ਕਾਸ਼ੀ ਦਾ ਇੱਕ ਵੱਡਾ ਇਲਾਕਾ ਵੀ ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਮੁਕਤ ਹੋ ਰਿਹਾ ਹੈ। ”
ਪ੍ਰਧਾਨ ਮੰਤਰੀ ਨੇ ਕਿਹਾ, “ਬਨਾਰਸ ਦੀ ਕੁਨੈਕਟਿਵਿਟੀ ਹਮੇਸ਼ਾ ਸਾਡੀ ਸਰਕਾਰ ਦੀ ਤਰਜੀਹ ਰਹੀ ਹੈ । ਬਾਬਤਪੁਰ ਨੂੰ ਸ਼ਹਿਰ ਨਾਲ ਜੋੜਨ ਵਾਲੀ ਸੜਕ ਵੀ ਬਨਾਰਸ ਦੀ ਇੱਕ ਨਵੀਂ ਪਹਿਚਾਣ ਬਣ ਗਈ ਹੈ । ਛੇ ਸਾਲ ਪਹਿਲਾਂ ਜਿੱਥੇ ਬਨਾਰਸ ਤੋਂ ਹਰ ਦਿਨ 12 ਉਡਾਣਾਂ ਚਲਦੀਆਂ ਸਨ, ਅੱਜ ਇਹ 4 ਗੁਣਾ ਚੱਲਦੀਆਂ ਹਨ। ਪੀਐੱਮ ਮੋਦੀ ਨੇ ਕਿਹਾ,“ਪਿਛਲੇ ਛੇ ਸਾਲਾਂ ਵਿੱਚ ਬਨਾਰਸ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ‘ਤੇ ਬੇਮਿਸਾਲ ਕੰਮ ਹੋਇਆ ਹੈ । ਅੱਜ ਨਾ ਸਿਰਫ ਯੂਪੀ, ਬਲਕਿ ਇੱਕ ਤਰ੍ਹਾਂ ਨਾਲ ਇਹ ਪੂਰੇ ਪੂਰਵਚਾਂਲ ਲਈ ਸਿਹਤ ਸਹੂਲਤਾਂ ਦਾ ਕੇਂਦਰ ਬਣ ਰਿਹਾ ਹੈ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਸਾਲ ਪਹਿਲੀ ਵਾਰ ਵਾਰਾਨਸੀ ਤੋਂ ਫਲ, ਸਬਜ਼ੀਆਂ ਅਤੇ ਝੋਨਾ ਵਿਦੇਸ਼ਾਂ ਵਿਚ ਨਿਰਯਾਤ ਕੀਤਾ ਗਿਆ ਹੈ।”
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਵਿੱਚ ਸਰਨਾਥ ਲਾਈਟ ਐਂਡ ਸਾਊਂਡ ਸ਼ੋਅ, ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਰਾਮਨਗਰ ਦਾ ਅਪਗ੍ਰੇਡੇਸ਼ਨ, ਸੀਵਰੇਜ ਨਾਲ ਸਬੰਧਤ ਕੰਮ ਅਤੇ ਸੰਭਾਲ ਲਈ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦਾ ਪ੍ਰਬੰਧਨ, ਮਲਟੀਪਰਪਜ਼ ਸੀਡ ਸਟੋਰ , ਖੇਤੀਬਾੜੀ ਉਤਪਾਦਾਂ ਦੀ 100 ਮੀਟਰਕ ਟਨ ਸਮਰੱਥਾ ਵਾਲਾ ਗੋਦਾਮ, ਆਈਪੀਡੀਐਸ ਫੇਜ਼ -2, ਵਾਰਾਣਸੀ ਸ਼ਹਿਰ ਦੇ ਸਮਾਰਟ ਲਾਈਟ ਕੰਮ, 105 ਆਂਗਣਵਾੜੀ ਸੈਂਟਰ ਅਤੇ 102 ਗਊ ਸ਼ਰਨ ਕੇਂਦਰ ਸ਼ਾਮਿਲ ਹਨ।