PM Modi Mann Ki Baat: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਮਨ ਕੀ ਬਾਤ ਰੇਡੀਓ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕੀਤਾ । ਮਨ ਕੀ ਬਾਤ ਪ੍ਰੋਗਰਾਮ ਨਾਲ ਸਬੰਧਿਤ ਇਹ ਵੀਡੀਓ ਭਾਰਤੀ ਜਨਤਾ ਪਾਰਟੀ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤੀ ਗਈ ਹੈ, ਜੋ ਹੁਣ ਤੱਕ 11 ਲੱਖ ਤੋਂ ਵੀ ਜ਼ਿਆਦਾ ਵਾਰ ਦੇਖੀ ਜਾ ਚੁੱਕੀ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਮਨ ਕੀ ਬਾਤ ਪ੍ਰੋਗਰਾਮ ਨੂੰ 36 ਹਜ਼ਾਰ ਲਾਇਕਸ ਮਿਲੇ ਹਨ ਤਾਂ ਉੱਥੇ ਹੀ ਇਸ ਨੂੰ 3 ਲੱਖ ਤੋਂ ਜ਼ਿਆਦਾ ਡਿਸਲਾਇਕਸ ਵੀ ਮਿਲੇ ਹਨ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ ਉਪਭੋਗਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ‘ਤੇ ਕੁਮੈਂਟਾਂ ਜ਼ਰੀਏ ਵੀ ਗੁੱਸਾ ਜ਼ਾਹਿਰ ਕੀਤਾ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ‘ਤੇ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਜਿੱਥੇ NEET ਅਤੇ JEE ਪ੍ਰੀਖਿਆ ਬਾਰੇ ਗੱਲ ਰੱਖੀ ਤਾਂ ਕਈ ਉਪਭੋਗਤਾਵਾਂ ਨੇ ਰੁਜ਼ਗਾਰ ਨਾਲ ਜੁੜੇ ਮੁੱਦੇ ਕੁਮੈਂਟ ਸੈਕਸ਼ਨ ਵਿੱਚ ਚੁੱਕੇ। ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਮਨ ਕੀ ਬਾਤ ਪ੍ਰੋਗਰਾਮ ‘ਤੇ ਕੁਮੈਂਟ ਕਰਦਿਆਂ ਲਿਖਿਆ, “ਅਸੀਂ NEET ਅਤੇ JEE ਪ੍ਰੀਖਿਆਵਾਂ’ ਤੇ ਗੱਲ ਕਰਨਾ ਚਾਹੁੰਦੇ ਸੀ, ਪਰ ਤੁਸੀਂ ਖਿਡੌਣਿਆਂ ਦੀ ਗੱਲ ਕਰ ਰਹੇ ਹੋ …” ਉੱਥੇ ਹੀ ਇੱਕ ਉਪਭੋਗਤਾ ਨੇ ਇਸ ‘ਤੇ ਕੁਮੈਂਟ ਕਰਦੇ ਲਿਖਿਆ “ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ, ਤੁਹਾਨੂੰ ਬੇਰੁਜ਼ਗਾਰੀ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਸਨ । ਆਖਰਕਾਰ, ਇਹ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਹੈ।”
ਦੱਸ ਦੇਈਏ ਕਿ ਪੀਐੱਮ ਮੋਦੀ ਨੇ ਬੀਤੇ ਦਿਨ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਲੋਕਾਂ ਨੂੰ ਸਥਾਨਕ ਖਿਡੌਣਿਆਂ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਸੀ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਅਤੇ ਓਨਮ ਵਰਗੇ ਤਿਉਹਾਰਾਂ ਲਈ ਵਧਾਈ ਵੀ ਦਿੱਤੀ ਸੀ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, “ਹੁਣ ਸਾਰਿਆਂ ਲਈ ਲੋਕਲ ਖਿਡੌਣਿਆਂ ਲਈ ਵੋਕਲ ਹੋਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਖਿਡੌਣਾ ਉਹ ਹੈ ਜਿਸ ਦੀ ਮੌਜੂਦਗੀ ਵਿੱਚ ਬਚਪਨ ਖਿੜੇ।