PM Modi may launch postal stamps: ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਭੂਮੀ ਪੂਜਾ ਕਰਨ ਵਾਲੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਦੇ ਚਿੰਨ੍ਹ ਅਤੇ ਰਾਮਾਇਣ ‘ਤੇ ਪੋਸਟਲ ਸਟੈਂਪ ਵੀ ਜਾਰੀ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਅਯੁੱਧਿਆ ਵਿੱਚ ਤਿਆਰੀ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ। ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਨੇ ਰਾਮ ਭਗਤਾਂ ਨੂੰ 5 ਅਗਸਤ ਨੂੰ ਅਯੁੱਧਿਆ ਪਹੁੰਚਣ ਲਈ ਬੇਚੈਨ ਨਾ ਹੋਣ ਦੀ ਅਪੀਲ ਕੀਤੀ ਹੈ । ਸ਼ਰਧਾਲੂਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ‘ਰਾਮ ਜਨਮ ਭੂਮੀ ਮੰਦਰ ਨਿਰਮਾਣ ਯੱਗ’ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ ।
ਇਕ ਰਿਪੋਰਟ ਅਨੁਸਾਰ ਅਯੁੱਧਿਆ ਖੋਜ ਸੰਸਥਾ ਦੇ ਡਾਇਰੈਕਟਰ ਵਾਈਪੀ ਸਿੰਘ ਨੇ ਦੱਸਿਆ ਕਿ ਜੇ ਚੀਜ਼ਾਂ ਯੋਜਨਾ ਅਨੁਸਾਰ ਰਹੀਆਂ ਤਾਂ ਡਾਕ ਟਿਕਟ ਵੀ 5 ਅਗਸਤ ਨੂੰ ਲਾਂਚ ਕੀਤੇ ਜਾਣਗੇ। ਇਨ੍ਹਾਂ ਵਿੱਚੋਂ ਇੱਕ ਟਿਕਟ ਰਾਮ ਮੰਦਰ ਦੇ ਸਿੰਬੋਲਿਕ ਮਾਡਲ ‘ਤੇ ਅਤੇ ਦੂਜੀ ਹੋਰ ਦੂਸਰੇ ਦੇਸ਼ਾਂ ਵਿੱਚ ਭਗਵਾਨ ਰਾਮ ਦੀ ਮਹੱਤਤਾ ਦਰਸਾਉਣ ਵਾਲੇ ਦ੍ਰਿਸ਼ ‘ਤੇ ਹੋਣ ਦੀ ਸੰਭਾਵਨਾ ਹੈ।
ਸਿੰਘ ਨੇ ਕਿਹਾ ਕਿ ਅਯੁੱਧਿਆ ਖੋਜ ਸੰਸਥਾ ‘ਵਿਸ਼ਵ ਭਰ ਵਿੱਚ ਭਗਵਾਨ ਰਾਮ ਦੀ ਸਭਿਆਚਾਰਕ ਮੌਜੂਦਗੀ’ ਨੂੰ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਦੇਸ਼ਾਂ ਤੋਂ ਵੱਡੇ ਪੱਧਰ ‘ਤੇ ਰਾਮ ਲੀਲ੍ਹਾ ਦੇ ਪ੍ਰਤੀਕਾਂ ਦੇ ਵੱਡੇ ਪੋਸਟਰ ਤਿਆਰ ਕਰ ਰਹੀ ਹੈ । ਉਨ੍ਹਾਂ ਨੂੰ ਰਾਮ ਮੰਦਰ ਨੂੰ ਜਾਂਦੀ ਸੜਕ ‘ਤੇ ਲਗਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਅਯੁੱਧਿਆ ਵਿੱਚ ਸਾਕੇਤ ਡਿਗਰੀ ਕਾਲਜ ਵਿੱਚ ਜਿੱਥੇ ਉਨ੍ਹਾਂ ਦਾ ਹੈਲੀਕਾਪਟਰ ਉਤਰੇਗਾ, ਉਥੋਂ ਤੋਂ ਰਾਮ ਮੰਦਰ ਤੱਕ ਯਾਨੀ ਕਿ 4.5 ਕਿਲੋਮੀਟਰ ਦੇ ਰਸਤੇ ‘ਤੇ 25 ਥਾਵਾਂ ‘ਤੇ ਰਾਮ ਚਰਿੱਤਰ ਮਾਨਸ ਦੇ ਅਖੰਡ ਪਾਠ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ 5 ਅਗਸਤ ਲਈ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। ਇਸ ਦੌਰਾਨ ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਨੇ ਲੋਕਾਂ ਨੂੰ ਮਹਾਂਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਭੂਮੀ ਪੂਜਾ ਲਈ ਅਯੁੱਧਿਆ ਨਾ ਆਉਣ ਲਈ ਕਿਹਾ ਹੈ। ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ ਨੇ ਕਿਹਾ ਕਿ ‘ਰਾਮ ਮੰਦਰ ਲਹਿਰ 1984 ਵਿੱਚ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਕਰੋੜਾਂ ਸ਼ਰਧਾਲੂਆਂ ਨੇ ਸਮਰਥਨ ਕੀਤਾ ਹੈ । ਅਜਿਹੀ ਸਥਿਤੀ ਵਿੱਚ ਉਨ੍ਹਾਂ ਦਾ ਇਸ ਅਵਸਰ ‘ਤੇ ਮੌਜੂਦ ਰਹਿਣਾ ਉਨ੍ਹਾਂ ਦੀ ਇੱਛਾ ਹੋਵੇਗੀ। ਹਾਲਾਂਕਿ, ਮਹਾਂਮਾਰੀ ਦੀ ਸਥਿਤੀ ਨੂੰ ਵੇਖਦਿਆਂ ਇਹ ਸੰਭਵ ਨਹੀਂ ਹੈ। ਉਨ੍ਹਾਂ ਕਿਹਾ, ‘ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਸਾਰੇ ਸ਼ਰਧਾਲੂਆਂ ਨੂੰ ਅਪੀਲ ਕਰਦਾ ਹੈ ਕਿ ਉਹ ਅਯੁੱਧਿਆ ਪਹੁੰਚਣ ਲਈ ਉਤਸੁਕ ਨਾ ਹੋਣ ਅਤੇ ਇਸ ਦੀ ਬਜਾਏ ਸਾਰਿਆਂ ਨੂੰ ਦੂਰਦਰਸ਼ਨ ‘ਤੇ ਸਿੱਧਾ ਪ੍ਰਸਾਰਣ ਦੇਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਸ਼ਾਮ ਨੂੰ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਦੀ ਬੇਨਤੀ ਕੀਤੀ।