PM Modi on corona vaccine: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਮੌਕੇ ਸ਼ਨੀਵਾਰ ਨੂੰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਲਹਾਲ, ਦੇਸ਼ ਵਿੱਚ ਤਿੰਨ ਵੈਕਸੀਨ ‘ਤੇ ਟ੍ਰਾਇਲ ਚੱਲ ਰਿਹਾ ਹੈ। ਜਿਵੇਂ ਹੀ ਇਸ ਨੂੰ ਵਿਗਿਆਨੀਆਂ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਲੋਕਾਂ ਤੱਕ ਵੱਡੇ ਪੱਧਰ ‘ਤੇ ਪਹੁੰਚਾਇਆ ਜਾਵੇਗਾ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਜਦੋਂ ਵੀ ਕੋਰੋਨਾ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਮਨ ਵਿੱਚ ਇਹ ਸੁਆਲ ਹੁੰਦਾ ਹੈ ਕਿ ਇਹ ਵੈਕਸੀਨ ਕਦੋਂ ਤਿਆਰ ਹੋਵੇਗੀ। ਸਾਡੇ ਦੇਸ਼ ਦੇ ਵਿਗਿਆਨੀਆਂ ਦੀ ਪ੍ਰਤਿਭਾ ਰਿਸ਼ੀ-ਮੁਨੀ ਵਰਗੀ ਹੈ, ਜੋ ਪ੍ਰਯੋਗਸ਼ਾਲਾ ਵਿੱਚ ਸਖਤ ਤਪੱਸਿਆ ਕਰ ਰਹੇ ਹਨ । ਪੀਐਮ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਇੱਕ ਜਾਂ ਦੋ ਨਹੀਂ ਬਲਕਿ ਤਿੰਨ ਵੈਕਸੀਨ ਵੱਖ-ਵੱਖ ਪੜਾਵਾਂ ਵਿੱਚ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਜਦੋਂ ਵਿਗਿਆਨੀਆਂ ਤੋਂ ਹਰੀ ਝੰਡੀ ਮਿਲ ਜਾਵੇਗੀ ਤਾਂ ਇਸਦਾ ਵੱਡੇ ਪੱਧਰ ‘ਤੇ ਉਤਪਾਦਨ ਹੋਵੇਗਾ। ਇਸ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਦੇ ਲੋਕਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਇਹ ਵੈਕਸੀਨ ਕਿਵੇਂ ਪਹੁੰਚਾਉਣੀ ਹੈ। ਦੱਸ ਦੇਈਏ ਕਿ ਭਾਰਤ ਬਾਇਓਟੈਕ ਦੀ ਅਗਵਾਈ ਹੇਠ ਦੇਸ਼ ਦੇ ਕੁੱਲ 12 ਸੈਂਟਰਾਂ ‘ਤੇ ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਰਿਹਾ ਹੈ। ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਲਾ ਟ੍ਰਾਇਲ ਪੂਰਾ ਹੋ ਚੁੱਕਾ ਹੈ ਅਤੇ ਦੂਜਾ ਪੜਾਅ ਸਤੰਬਰ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਦਰਅਸਲ, ਦਿੱਲੀ-ਪਟਨਾ-ਚੇੱਨਈ ਸਣੇ ਕਈ ਸਥਾਨਾਂ ਵਿੱਚ ਸੈਂਕੜੇ ਉਮੀਦਵਾਰ ਸਾਹਮਣੇ ਆਏ ਹਨ, ਜਿਨ੍ਹਾਂ ‘ਤੇ ਵੈਕਸੀਨ ਦਾ ਟ੍ਰਾਇਲ ਕੀਤਾ ਗਿਆ ਹੈ। ਇਸਦੇ ਨਾਲ ਸੀਰਮ ਇੰਸਟੀਚਿਊਟ ਵੱਲੋਂ ਟ੍ਰਾਇਲ ਤੋਂ ਬਾਅਦ ਵੈਕਸੀਨ ਦੇ ਉਤਪਾਦਨ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਰੂਸ ਨੇ ਹਾਲ ਹੀ ਵਿੱਚ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਇਸਨੂੰ ਅਜੇ ਤੱਕ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਨਹੀਂ ਮਿਲੀ ਹੈ । ਅਜਿਹੀ ਸਥਿਤੀ ਵਿੱਚ ਵਿਸ਼ਵ ਰੂਸ ਦੀ ਵੈਕਸੀਨ ਨੂੰ ਲੈ ਕੇ ਦੁਚਿੱਤੀ ਵਿੱਚ ਹੈ।