PM Modi on COVID 19: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੱਧ ਪ੍ਰਦੇਸ਼ ਵਿੱਚ ‘ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ’ ਤਹਿਤ ਬਣੇ 1.75 ਲੱਖ ਘਰਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ । ਇਸ ‘ਗ੍ਰਹਿ ਪ੍ਰਵੇਸ਼’ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ (ਪੀ.ਐੱਮ.ਵਾਈ.) ਤਹਿਤ ਮਕਾਨ ਬਣਾਉਣ ਵਿੱਚ ਸਹਾਇਤਾ ਦਿੱਤੀ ਗਈ ਹੈ। ਇਹ ਘਰ 12 ਹਜ਼ਾਰ ਪਿੰਡਾਂ ਵਿੱਚ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ 2022 ਤੱਕ ਸਾਰੇ ਯੋਗ ਪਰਿਵਾਰਾਂ ਨੂੰ ਉਨ੍ਹਾਂ ਦਾ ਆਪਣਾ ਘਰ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਤਹਿਤ ਮਾਰਚ 2022 ਤੱਕ ਦੋ ਕਰੋੜ ਮਕਾਨ ਤਿਆਰ ਹੋ ਜਾਣਗੇ।
ਇਸ ਦੌਰਾਨ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ । ਲੋਕਾਂ ਨੂੰ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, “ਜਦ ਤੱਕ ਦਵਾਈ ਨਹੀਂ ਹੁੰਦੀ, ਕੋਈ ਢਿੱਲ ਨਹੀਂ, ਦੋ ਗਜ਼ ਦੀ ਦੂਰੀ, ਮਾਸਕ ਹੈ ਜ਼ਰੂਰੀ।” ਕੋਰੋਨਾ ਬਾਰੇ ਲੋਕਾਂ ਵਿੱਚ ਵੱਧ ਰਹੀ ਲਾਪਰਵਾਹੀ ਅਤੇ ਬੇਲਗਾਮ ਹੁੰਦੇ ਕੇਸਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਇਸਦੀ ਦਵਾਈ ਨਹੀਂ ਆ ਜਾਂਦੀ ਉਹ ਢਿੱਲ ਨਾ ਵਰਤਣ। ਪੀਐਮ ਮੋਦੀ ਨੇ ਕਿਹਾ, “ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿਲਾਈ ਨਹੀਂ।”
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ਮੈਂ ਹੁਣੇ ਅਜਿਹੇ ਸਾਥੀਆਂ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਨੇ ਅੱਜ ਆਪਣਾ ਪੱਕਾ ਘਰ ਪ੍ਰਾਪਤ ਕੀਤਾ ਹੈ, ਉਨ੍ਹਾਂ ਨੂੰ ਆਪਣੇ ਸੁਪਨੇ ਦਾ ਘਰ ਮਿਲਿਆ ਹੈ। ਹੁਣ ਰਾਜ ਦੇ 1.75 ਲੱਖ ਅਜਿਹੇ ਪਰਿਵਾਰ, ਜੋ ਅੱਜ ਆਪਣੇ ਘਰ ਵਿੱਚ ਦਾਖਲ ਹੋ ਰਹੇ ਹਨ । ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਸ਼ਿਵਰਾਜ ਨੇ ਕਿਹਾ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਸੁਣਨ ਲਈ ਇੰਤਜ਼ਾਰ ਕਰ ਰਹੇ ਹਨ। ਇਹ ਪ੍ਰੋਗਰਾਮ 16 ਹਜ਼ਾਰ 440 ਗ੍ਰਾਮ ਪੰਚਾਇਤਾਂ ਅਤੇ 26 ਹਜ਼ਾਰ 548 ਪਿੰਡਾਂ ਵਿੱਚ ਵੇਖਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਸੁਣਨ ਲਈ ਹੁਣ ਤੱਕ 1 ਕਰੋੜ 24 ਲੱਖ 92 ਹਜ਼ਾਰ 394 ਵਿਅਕਤੀਆਂ ਨੇ ਪ੍ਰੀ-ਰਜਿਸਟ੍ਰੇਸ਼ਨ ਕੀਤੀ ਹੈ।