PM Modi on Mann ki Baat Amid Protests: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ । ਪ੍ਰਧਾਨ ਮੰਤਰੀ ਦਾ ਇਹ ਪ੍ਰੋਗਰਾਮ ਕੋਰੋਨਾ ਸੰਕਟ ਅਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨਾਂ ਦੇ ਅੰਦੋਲਨ ਦੇ ਵਿਚਕਾਰ ਹੋ ਰਿਹਾ ਹੈ । ਫਿਲਹਾਲ, ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਕਿਹਾ ਕਿ ਮੈਂ ਇੱਕ ਚੰਗੀ ਖ਼ਬਰ ਸੁਣਾ ਰਿਹਾ ਹਾਂ । ਕੈਨੇਡਾ ਤੋਂ ਮਾਂ ਅੰਨਪੂਰਣਾ ਦੇਵੀ ਦੀ ਮੂਰਤੀ ਨੂੰ ਵਾਪਸ ਲਿਆਂਦਾ ਗਿਆ ਹੈ । ਮੈਂ ਇਸ ਲਈ ਕਨੈਡਾ ਸਰਕਾਰ ਦਾ ਧੰਨਵਾਦ ਕਰਦਾ ਹਾਂ । ਉਨ੍ਹਾਂ ਕਿਹਾ ਕਿ ਮਾਤਾ ਅੰਨਪੂਰਣਾ ਦਾ ਕਾਸ਼ੀ ਨਾਲ ਬਹੁਤ ਖ਼ਾਸ ਰਿਸ਼ਤਾ ਹੈ। ਹੁਣ ਉਨ੍ਹਾਂ ਦੀ ਮੂਰਤੀ ਦੀ ਵਾਪਸੀ ਸਾਡੇ ਸਾਰਿਆਂ ਲਈ ਖੁਸ਼ਖਬਰੀ ਦੀ ਗੱਲ ਹੈ। ਮਾਤਾ ਅੰਨਪੂਰਣਾ ਦੀ ਮੂਰਤੀ ਦੀ ਤਰ੍ਹਾਂ ਸਾਡੀ ਵਿਰਾਸਤ ਦੀਆਂ ਅਨਮੋਲ ਧ੍ਰੋਹਰਾਂ, ਅੰਤਰਰਾਸ਼ਟਰੀ ਗਿਰੋਹਾਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ।
ਪੀਐਮ ਮੋਦੀ ਨੇ ਕਿਹਾ ਕਿ ਮਾਤਾ ਅੰਨਪੂਰਣਾ ਦੀ ਮੂਰਤੀ ਦੀ ਵਾਪਸੀ ਨਾਲ ਇੱਕ ਇਤਫ਼ਾਕ ਵੀ ਜੁੜਿਆ ਹੋਇਆ ਹੈ ਕਿ ਕੁਝ ਦਿਨ ਪਹਿਲਾਂ ਹੀ ਵਰਲਡ ਹੇਰਿਟੇਜ ਵੀਕ ਮਨਾਇਆ ਗਿਆ ਹੈ। ਵਰਲਡ ਹੇਰਿਟੇਜ ਵੀਕ ਸਭਿਆਚਾਰ ਪ੍ਰੇਮੀਆਂ ਨੂੰ ਪੁਰਾਣੇ ਸਮੇਂ ਵਿੱਚ ਵਾਪਸ ਜਾਣ, ਉਨ੍ਹਾਂ ਦੇ ਇਤਿਹਾਸ ਦੇ ਮਹੱਤਵਪੂਰਣ ਪੜਾਅ ਦੀ ਪੜਚੋਲ ਕਰਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਬਹੁਤ ਸਾਰੇ ਅਜਾਇਬ ਘਰ ਅਤੇ ਲਾਇਬ੍ਰੇਰੀਆਂ ਉਨ੍ਹਾਂ ਦੇ ਸੰਗ੍ਰਹਿ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਲਈ ਕੰਮ ਕਰ ਰਹੀਆਂ ਹਨ । ਦਿੱਲੀ ਵਿੱਚ ਸਾਡੇ ਰਾਸ਼ਟਰੀ ਅਜਾਇਬ ਘਰ ਨੇ ਇਸ ਸਬੰਧ ਵਿੱਚ ਕੁਝ ਸ਼ਲਾਘਾਯੋਗ ਉਪਰਾਲੇ ਕੀਤੇ ਹਨ।
ਇਸ ਤੋਂ ਅੱਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ੍ਹ ਯਾਨੀ ਕਿ 30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਪੂਰੀ ਦੁਨੀਆ ਵਿੱਚ ਸਾਫ ਦਿਖਾਈ ਦੇ ਰਿਹਾ ਹੈ । ਵੈਨਕੂਵਰ ਤੋਂ ਵਿਲਿੰਗਟਨਤੱਕ, ਸਿੰਗਾਪੁਰ ਤੋਂ ਦੱਖਣੀ ਅਫਰੀਕਾ ਤੱਕ ਉਨ੍ਹਾਂ ਦੇ ਸੰਦੇਸ਼ ਹਰ ਥਾਂ ਸੁਣਾਈ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹਾ ਗਿਆ ਹੈ, ‘ਸੇਵਕ ਕੋ ਸੇਵਾ ਬਣ ਆਈ’ ਭਾਵ ਸੇਵਕ ਦਾ ਕੰਮ ਸੇਵਾ ਕਰਨਾ ਹੈ । ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਮਹੱਤਵਪੂਰਨ ਪੜਾਅ ਆਏ ਤੇ ਇੱਕ ਸੇਵਕ ਵਜੋਂ ਸਾਨੂੰ ਬਹੁਤ ਕੁਝ ਕਰਨ ਦਾ ਮੌਕਾ ਮਿਲਿਆ।
ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਅੰਦੋਲਨ ਬਾਰੇ ਕਿਹਾ, “ਭਾਰਤ ਵਿੱਚ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਵਿੱਚ ਨਵੇਂ ਪਹਿਲੂ ਜੁੜ ਰਹੇ ਹਨ। ਪਿਛਲੇ ਸਮੇਂ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਨੇ ਵੀ ਕਿਸਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹ ਦਿੱਤੇ ਹਨ । ਇਨ੍ਹਾਂ ਅਧਿਕਾਰਾਂ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਹੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਬਹੁਤ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ ਭਾਰਤ ਦੀ ਸੰਸਦ ਨੇ ਖੇਤੀਬਾੜੀ ਸੁਧਾਰਾਂ ਨੂੰ ਕਾਨੂੰਨੀ ਰੂਪ ਦਿੱਤਾ । ਇਨ੍ਹਾਂ ਸੁਧਾਰਾਂ ਨੇ ਨਾ ਸਿਰਫ ਕਿਸਾਨਾਂ ਦੇ ਬਹੁਤ ਸਾਰੇ ਬੰਧਨ ਖਤਮ ਕੀਤੇ, ਬਲਕਿ ਉਨ੍ਹਾਂ ਨੂੰ ਨਵੇਂ ਅਧਿਕਾਰ ਅਤੇ ਨਵੇਂ ਮੌਕੇ ਵੀ ਦਿੱਤੇ ਹਨ।”
ਇਹ ਵੀ ਦੇਖੋ: ਅਸੀਂ ਭਗਤ ਸਿੰਘ ਵਰਗੇ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਹਾਂ ,ਖੇਤੀ ਕਾਨੂੰਨ ਵਾਪਸ ਕਰਵਾ ਕੇ ਦਮ ਲਵਾਂਗੇ