Pm modi on shimoga blast : ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਵਿੱਚ ਇੱਕ ਪੱਥਰ ਦੀ ਖੱਡ ਵਿੱਚ ਹੋਏ ਇੱਕ ਧਮਾਕੇ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ “ਮੈਂ ਸ਼ਿਵਮੋਗਾ ਘਟਨਾ ਤੋਂ ਬਹੁਤ ਦੁਖੀ ਹਾਂ। ਪੀੜਤ ਪਰਿਵਾਰਾਂ ਲਈ ਹਮਦਰਦੀ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜ਼ਖਮੀ ਜਲਦੀ ਠੀਕ ਹੋ ਜਾਣ। ਰਾਜ ਸਰਕਾਰ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ।” ਪੁਲਿਸ ਨੇ ਅਬਲਾਗੇਰੇ ਪਿੰਡ ਨੇੜੇ ਪੱਥਰ ਦੀ ਖੱਡ ‘ਤੇ ਹੋਰ ਧਮਾਕਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿਉਂਕਿ ਕੁੱਝ ਡਾਇਨਾਮਾਈਟ ਸਟਿਕਸ ਨੂੰ ਅਜੇ ਅਯੋਗ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੰਬ ਨਿਪਟਾਰਾ ਦਸਤੇ ਨੂੰ ਬੁਲਾਇਆ ਗਿਆ ਹੈ ਅਤੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਧਮਾਕਾ ਇੰਨਾ ਖ਼ਤਰਨਾਕ ਸੀ ਕਿ ਇਸਦੇ ਝੱਟਕੇ ਆਸ ਪਾਸ ਦੇ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਵੀਰਵਾਰ ਦੀ ਰਾਤ ਨੂੰ ਟਰੱਕ ਵਿੱਚ ਰੱਖੇ ਗਏ ਵਿਸਫੋਟਕ ਵਿੱਚ ਧਮਾਕਾ ਹੋਇਆ ਸੀ। ਆਸਪਾਸ ਦੇ ਖੇਤਰ ਵਿੱਚ ਵੀ ਇਸ ਧਮਾਕੇ ਦੀ ਗੂੰਜ ਅਤੇ ਝੱਟਕੇ ਮਹਿਸੂਸ ਕੀਤੇ ਗਏ ਹਨ। ਇਹ ਮੰਨਿਆ ਜਾਂ ਰਿਹਾ ਹੈ ਕਿ ਵਿਸਫੋਟਕ ਮਾਈਨਿੰਗ ਦੇ ਉਦੇਸ਼ ਨਾਲ ਲਏ ਜਾ ਰਹੇ ਸਨ। ਇਹ ਧਮਾਕਾ ਰਾਤ ਕਰੀਬ 10.30 ਵਜੇ ਪੱਥਰ ਤੋੜਨ ਵਾਲੀ ਜਗ੍ਹਾ ‘ਤੇ ਹੋਇਆ, ਜਿਸ ਕਾਰਨ ਨਾ ਸਿਰਫ ਸ਼ਿਵਮੋਗਾ, ਬਲਕਿ ਨੇੜਲੇ ਚਿਕਕਮਗਲੁਰੂ ਅਤੇ ਦਵਾਨਾਗੇਰੇ ਜ਼ਿਲ੍ਹਿਆਂ ਵਿੱਚ ਵੀ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ।