PM Modi pays tributes: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਚੋਣਾਂ ਤੋਂ ਪਹਿਲਾਂ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਉਨ੍ਹਾਂ ਦੀ 118ਵੀਂ ਜਯੰਤੀ ‘ਤੇ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਕਿਹਾ ਹੈ ਕਿ ਰਾਸ਼ਟਰੀ ਹਿੱਤ ਅਤੇ ਲੋਕਾਂ ਦੀ ਭਲਾਈ ਹੀ ਉਨ੍ਹਾਂ ਲਈ ਸਭ ਤੋਂ ਉਪਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਲੋਕਤੰਤਰ ‘ਤੇ ਹਮਲਾ ਹੋਇਆ ਸੀ ਤਾਂ ਜੇਪੀ ਨੇ ਇਸ ਨੂੰ ਬਚਾਉਣ ਲਈ ਵੱਡੇ ਅੰਦੋਲਨ ਦੀ ਮੰਗ ਕੀਤੀ ਸੀ ।
ਪ੍ਰਧਾਨ ਮੰਤਰੀ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਲਿਖਿਆ,’ ‘ਮੈਂ ਲੋਕਨਾਇਕ ਜੇਪੀ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਮੱਥਾ ਟੇਕਦਾ ਹਾਂ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਬਹਾਦਰੀ ਨਾਲ ਲੜਾਈ ਲੜੀ ਅਤੇ ਜਦੋਂ ਸਾਡੇ ਲੋਕਤੰਤਰੀ ਸਿਧਾਂਤਾਂ ‘ਤੇ ਹਮਲਾ ਹੋਇਆ, ਤਾਂ ਉਨ੍ਹਾਂ ਨੇ ਇਸ ਦੀ ਰੱਖਿਆ ਲਈ ਇੱਕ ਜ਼ਬਰਦਸਤ ਜਨ ਅੰਦੋਲਨ ਦੀ ਅਗਵਾਈ ਕੀਤੀ। ਉਨ੍ਹਾਂ ਲਈ ਰਾਸ਼ਟਰੀ ਹਿੱਤ ਅਤੇ ਲੋਕਾਂ ਦੀ ਭਲਾਈ ਤੋਂ ਉਪਰ ਕੁਝ ਵੀ ਨਹੀਂ ਸੀ।”
ਦਰਅਸਲ, ਜੈਪ੍ਰਕਾਸ਼ ਨਾਰਾਇਣ (ਜੇਪੀ) ਭਾਰਤੀ ਸੁਤੰਤਰਤਾ ਸੈਨਾਨੀ ਅਤੇ ਇੱਕ ਰਾਜਨੇਤਾ ਸੀ। ਦੇਸ਼ ਵਿੱਚ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਸਾਲ 1977 ਤੱਕ ਦੇ ਸਾਰੇ ਅੰਦੋਲਨਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ । ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵਿਰੋਧ ਲਈ ਜਾਣਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਆਪਣੇ ਅੰਦੋਲਨ ਕਾਰਨ ਕੇਂਦਰ ਵਿੱਚ ਸੱਤਾ ਗੁਆ ਬੈਠੀ ਸੀ। ਜੇਪੀ ਦੇ ਅੰਦੋਲਨ ਕਾਰਨ 1975 ਵਿੱਚ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ।
ਦੱਸ ਦੇਈਏ ਕਿ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦਾ ਜਨਮ 11 ਅਕਤੂਬਰ 1902 ਨੂੰ ਬਿਹਾਰ ਦੇ ਸੀਤਾਬਦਿਆਰਾ ਵਿੱਚ ਹੋਇਆ ਸੀ । ਉਨ੍ਹਾਂ ਨੇ ਸਮਾਜ ਸ਼ਾਸਤਰ ਨਾਲ ਐਮ.ਏ. ਕੀਤੀ। ਉਨ੍ਹਾਂ ਨੇ ਅਮੇਰਿਕਨ ਯੂਨੀਵਰਸਿਟੀ ਵਿੱਚ ਅੱਠ ਸਾਲ ਤੱਕ ਪੜ੍ਹਾਈ ਕੀਤੀ ਸੀ। ਉੱਥੇ ਹੀ ਉਨ੍ਹਾਂ ‘ਤੇ ਸਮਾਜਵਾਦ ਦਾ ਡੂੰਘਾ ਰੰਗ ਚੜ੍ਹਿਆ ਸੀ। ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਹ ਗਾਂਧੀ ਜੀ ਅਤੇ ਜਵਾਹਰ ਲਾਲ ਨਹਿਰੂ ਦੇ ਸੰਪਰਕ ਵਿੱਚ ਆਏ। ਉਹ ਭਾਰਤੀ ਸੁਤੰਤਰਤਾ ਸੰਗਰਾਮ ਦਾ ਹਿੱਸਾ ਬਣ ਗਏ।