PM Modi reaches Lucknow: ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਭੂਮੀ ਪੂਜਨ ਲਈ ਦਿੱਲੀ ਤੋਂ ਲਖਨਊ ਪਹੁੰਚ ਗਏ ਹਨ। ਪੀਐੱਮ ਮੋਦੀ ਅਯੁੱਧਿਆ ਲਈ ਅੱਜ ਸਵੇਰੇ 9.35 ਵਜੇ ਰਵਾਨਾ ਹੋ ਗਏ ਸਨ। ਉਹ ਏਅਰ ਫੋਰਸ ਦੇ ਜਹਾਜ਼ ਰਾਹੀਂ ਲਖਨਊ ਪਹੁੰਚੇ ਹਨ। ਜਿਸ ਤੋਂ ਬਾਅਦ ਹੁਣ ਉਹ ਕੁਝ ਸਮੇਂ ਵਿੱਚ ਹੈਲੀਕਾਪਟਰ ਦੀ ਮਦਦ ਨਾਲ ਉਥੋਂ ਅਯੁੱਧਿਆ ਜਾਣਗੇ। ਪੀਐੱਮ ਮੋਦੀ ਅੱਜ ਦੇ ਪ੍ਰੋਗਰਾਮ ਲਈ ਇੱਕ ਵਿਸ਼ੇਸ਼ ਧੋਤੀ ਕੁੜਤਾ ਪਹਿਨੇ ਵੇਖੇ ਗਏ ਹਨ । ਉਨ੍ਹਾਂ ਨੇ ਭਗਵੇਂ ਰੰਗ ਦਾ ਕੁੜਤਾ ਅਤੇ ਧੋਤੀ ਪਾਈ ਹੋਈ ਹੈ ਅਤੇ ਇਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਸ਼ੇਅਰ ਕੀਤੀ ਹੈ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਲਈ ਅਯੁੱਧਿਆ ਵਿੱਚ ਕੁੱਲ 3 ਘੰਟੇ ਬਿਤਾਉਣਗੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਨ ਅਤੇ ਮੰਦਰ ਦੇ ਨੀਂਹ ਪੱਥਰ ਤੋਂ ਪਹਿਲਾਂ ਹਨੂੰਮਾਨਗੜੀ ਵਿਖੇ ਪੂਜਾ ਅਰਚਨਾ ਕਰਨਗੇ । ਮੰਨਿਆ ਜਾਂਦਾ ਹੈ ਕਿ ਭਗਵਾਨ ਰਾਮ ਦਾ ਕੋਈ ਕਾਰਜ ਭਗਵਾਨ ਹਨੂੰਮਾਨ ਦੀ ਬਖਸ਼ਿਸ਼ ਤੋਂ ਬਿਨ੍ਹਾਂ ਆਰੰਭ ਨਹੀਂ ਕੀਤਾ ਜਾਂਦਾ। ਇਸ ਕਾਰਨ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਭਗਵਾਨ ਹਨੂੰਮਾਨ ਦੀ ਪੂਜਾ ਕਰਨਗੇ ਅਤੇ ਫਿਰ ਭੂਮੀ ਪੂਜਨ ਲਈ ਜਾਣਗੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਦੁਪਹਿਰ 12 ਵਜੇ ਰਾਮ ਜਨਮ ਭੂਮੀ ਕੈਂਪਸ ਪਹੁੰਚਣਗੇ । ਇਸ ਤੋਂ ਬਾਅਦ ਉਹ 10 ਮਿੰਟ ਵਿੱਚ ਰਾਮਲਲਾ ਵਿਰਾਜਮਾਨ ਦੀ ਪੂਜਾ ਕਰਨਗੇ । ਇਸ ਤੋਂ ਬਾਅਦ ਉਹ ਦੁਪਹਿਰ 12:44 ਵਜੇ ਅਤੇ 15 ਸੈਕਿੰਡ ‘ਤੇ ਮੰਦਰ ਦਾ ਨੀਂਹ ਪੱਥਰ ਸਥਾਪਿਤ ਕਰਨਗੇ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ, ਆਰਐਸਐਸ ਮੁਖੀ ਮੋਹਨ ਭਾਗਵਤ, ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ, ਯੂਪੀ ਦੇ ਰਾਜਪਾਲ ਆਨੰਦੀਬੇਨ ਪਟੇਲ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਪ੍ਰਧਾਨ ਨ੍ਰਿਤਿਆ ਗੋਪਾਲ ਦਾਸ ਸਟੇਜ ‘ਤੇ ਮੌਜੂਦ ਰਹਿਣਗੇ।