PM Modi releases financial assistance: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਪੀ ਦੇ ਲੱਖਾਂ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ । ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G) ਦੇ ਤਹਿਤ 2,691 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਯੋਜਨਾ ਦੇ ਤਹਿਤ ਯੂਪੀ ਦੇ 6 ਲੱਖ 10 ਹਜ਼ਾਰ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਕੇਂਦਰੀ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਰਹੇ । ਦੱਸ ਦੇਈਏ ਕਿ ਇਸ ਯੋਜਨਾ ਵਿੱਚ ਇੱਥੇ 5.30 ਲੱਖ ਅਜਿਹੇ ਲਾਭਪਾਤਰੀ ਹਨ ਜਿਨ੍ਹਾਂ ਨੂੰ ਵਿੱਤੀ ਸਹਾਇਤਾ ਦੀ ਪਹਿਲੀ ਕਿਸ਼ਤ ਮਿਲੀ, ਜਦੋਂ ਕਿ 80 ਹਜ਼ਾਰ ਲਾਭਪਾਤਰੀ ਅਜਿਹੇ ਰਹੇ, ਜਿਨ੍ਹਾਂ ਨੂੰ ਦੂਜੀ ਕਿਸ਼ਤ ਮਿਲੀ।
ਇਸ ਦੌਰਾਨ ਸੀ.ਐੱਮ ਯੋਗੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਵਿੱਚ ਦੇਸ਼ ਵਿੱਚ ਗਰੀਬਾਂ ਨੂੰ ਘਰ ਉਪਲਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਪੀ ਲਈ ਸੱਤ ਲੱਖ ਤੋਂ ਵੱਧ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ । ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਹਰ ਗਰੀਬ ਦੇ ਸਾਹਮਣੇ ਘਰ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ । ਲਾਭਪਾਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕੀਤਾ । ਲਾਭਪਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਇੰਨੀ ਵੱਡੀ ਸਹਾਇਤਾ ਮਿਲੇਗੀ । ਉਹ ਇਸਨੂੰ ਪ੍ਰਾਪਤ ਕਰ ਕੇ ਬਹੁਤ ਖੁਸ਼ ਹਨ। ਗੱਲਬਾਤ ਦੇ ਅੰਤ ਵਿੱਚ ਮੋਦੀ ਨੇ ਲਾਭਪਾਤਰੀਆਂ ਦੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ।
ਗੌਰਤਲਬ ਹੈ ਕਿ ਪੀਐਮ ਮੋਦੀ ਨੇ PMAY-G ਦੇ ਤਹਿਤ ਸਾਰਿਆਂ ਨੂੰ ਸਾਲ 2022 ਤੱਕ ਪੱਕੇ ਮਕਾਨ ਦੇਣ ਦਾ ਵਾਅਦਾ ਕੀਤਾ ਸੀ। ਇਹ ਯੋਜਨਾ 20 ਨਵੰਬਰ 2016 ਨੂੰ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਦੇਸ਼ ਭਰ ਵਿੱਚ 1.26 ਕਰੋੜ ਘਰ ਬਣਾਏ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਦਿਹਾਤੀ) ਤਹਿਤ ਹਰੇਕ ਲਾਭਪਾਤਰੀ ਨੂੰ 100 ਪ੍ਰਤੀਸ਼ਤ ਗ੍ਰਾਂਟ (1.20) ਲੱਖ ਦਿੱਤੀ ਜਾਂਦੀ ਹੈ । ਜਦੋਂ ਕਿ ਪਹਾੜੀ ਰਾਜਾਂ, ਉੱਤਰ-ਪੂਰਬੀ ਰਾਜਾਂ / ਪਹੁੰਚਯੋਗ ਥਾਵਾਂ / ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1.30 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ PMAY-G ਦੇ ਲਾਭਪਾਤਰੀਆਂ ਨੂੰ ਮਨਰੇਗਾ ਤਹਿਤ ਅਕੁਸ਼ਲ ਕਾਮਿਆਂ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ।