PM Modi shares video: ਨਵੀਂ ਦਿੱਲੀ: ਦੇਸ਼ ਭਰ ਵਿੱਚ ਇਸ ਸਮੇਂ ਮਾਨਸੂਨ ਦੇ ਕਾਰਨ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ । ਬਾਰਿਸ਼ ਕਾਰਨ ਕਈ ਜਗ੍ਹਾ ਹੜ੍ਹ ਵੀ ਆਏ ਹੋਏ ਹਨ। ਉੱਥੇ ਹੀ ਮਾਨਸੂਨ ਦੀ ਬਾਰਿਸ਼ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਆ ਰਹੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਬਾਰਿਸ਼ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਗੁਜਰਾਤ ਦੇ ਮੋਧੇਰਾ ਵਿੱਚ ਸਥਿਤ ਸੂਰਜ ਮੰਦਰ ਦੀ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਲਿਖਿਆ, ‘ਮੋਧੇਰਾ ਦਾ ਆਈਕੋਨਿਕ ਸੂਰਜ ਮੰਦਰ ਬਾਰਿਸ਼ ਦੌਰਾਨ ਸ਼ਾਨਦਾਰ ਲੱਗ ਰਿਹਾ ਹੈ। ਤੁਸੀਂ ਵੀ ਦੇਖੋ।’
ਪੀਐਮ ਮੋਦੀ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਸਦੀਆਂ ਪੁਰਾਣੇ ਇਸ ਸੂਰਜ ਮੰਦਰ ਵਿੱਚ ਬਾਰਿਸ਼ ਪੈਣ ਕਾਰਨ ਜਗ੍ਹਾ-ਜਗ੍ਹਾ ਪਾਣੀ ਵਗ ਰਿਹਾ ਹੈ। ਇਹ ਪਾਣੀ ਹੇਠਾਂ ਬਣੇ ਤਲਾਬ ਵਿੱਚ ਇਕੱਠਾ ਹੋ ਰਿਹਾ ਹੈ। ਵੀਡੀਓ ਨੂੰ ਦੇਖ ਕੇ ਮੰਦਰ ਦੀ ਸ਼ਾਨੋ-ਸ਼ੌਕਤ ਦਾ ਅਨੁਭਵ ਹੁੰਦਾ ਹੈ। ਬਾਰਿਸ਼ ਦੀ ਇਹ ਵੀਡੀਓ ਹੁਣ ਤੱਕ 30.18 ਲੱਖ ਤੋਂ ਜ਼ਿਆਦਾ ਵਾਰ ਦੇਖੀ ਜਾ ਚੁੱਕੀ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਆਪਣੀ ਸਵੇਰ ਦੀ ਸੈਰ ਦੌਰਾਨ ਆਪਣੀ ਸਰਕਾਰੀ ਰਿਹਾਇਸ਼ ‘ਤੇ ਮੋਰ ਨੂੰ ਦਾਣਾ ਖਵਾਉਂਦੇ ਹੋਏ ਦਿਖਾਈ ਦੇ ਰਹੇ ਹਨ। 1:47 ਮਿੰਟ ਦੀ ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਦੇ 7, ਲੋਕ ਕਲਿਆਣ ਮਾਰਗ ਸਥਿਤ ਉਨ੍ਹਾਂ ਦੇ ਦਫ਼ਤਰ ਵੱਲ ਤੁਰਦਿਆਂ ਕੁਝ ਝਲਕਾਂ ਵੀ ਸ਼ਾਮਿਲ ਹਨ।