PM Modi to hold corona review meeting: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਹਰ ਦਿਨ 90 ਹਜ਼ਾਰ ਤੋਂ ਇੱਕ ਲੱਖ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਰਾਜ ਸਰਕਾਰਾਂ ਨਾਲ ਬੈਠਕ ਕਰਨਗੇ । ਬੁੱਧਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ।
ਇਨ੍ਹਾਂ ਰਾਜਾਂ ਦੇ ਸਿਹਤ ਮੰਤਰੀ ਵੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਇਨ੍ਹਾਂ ਰਾਜਾਂ ਵਿੱਚ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਅਤੇ ਪੰਜਾਬ ਰਾਜ ਸ਼ਾਮਿਲ ਹਨ। ਇਹੀ ਰਾਜ ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਮਾਮਲਿਆਂ ਵਾਲੇ ਹਨ। ਇਸ ਦੌਰਾਨ ਪੀਐਮ ਮੋਦੀ ਇਨ੍ਹਾਂ ਰਾਜਾਂ ਨਾਲ ਮੌਜੂਦਾ ਸਥਿਤੀ, ਅਨਲੌਕ ਦੇ ਨਤੀਜੇ, ਟੈਸਟਿੰਗ ਦੀ ਗਤੀ ਅਤੇ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨਗੇ।
ਦਰਅਸਲ, ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੁੱਲ ਕੋਰੋਨਾ ਦੇ 60 ਪ੍ਰਤੀਸ਼ਤ ਮਾਮਲੇ ਇਨ੍ਹਾਂ ਸੱਤ ਰਾਜਾਂ ਵਿੱਚੋਂ ਆਉਂਦੇ ਹਨ। ਮਹਾਂਰਾਸ਼ਟਰ, ਆਂਧਰਾ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜ ਅੱਗੇ ਹਨ। ਹਾਲਾਂਕਿ, ਮੰਗਲਵਾਰ ਨੂੰ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਰਿਕਵਰੀ ਰੇਟ ਵਿੱਚ ਜ਼ਬਰਦਸਤ ਉਛਾਲ ਆਇਆ ਹੈ ਅਤੇ ਹਰ ਰੋਜ਼ ਹਜ਼ਾਰਾਂ ਲੋਕ ਠੀਕ ਹੋ ਰਹੇ ਹਨ।
ਕੀ ਹੈ ਇਨ੍ਹਾਂ ਰਾਜਾਂ ਦੀ ਸਥਿਤੀ:
• ਮਹਾਂਰਾਸ਼ਟਰ- 12.42 ਲੱਖ ਮਾਮਲੇ, 33 ਹਜ਼ਾਰ ਮੌਤਾਂ
• ਆਂਧਰਾ ਪ੍ਰਦੇਸ਼- 6.39 ਲੱਖ ਕੇਸ, 5400 ਮੌਤਾਂ
• ਕਰਨਾਟਕ- 5.33 ਲੱਖ ਮਾਮਲੇ, 8200 ਮੌਤਾਂ
• ਉੱਤਰ ਪ੍ਰਦੇਸ਼- 3.64 ਲੱਖ ਮਾਮਲੇ, 5200 ਮੌਤਾਂ
• ਤਾਮਿਲਨਾਡੂ- 5.52 ਲੱਖ ਮਾਮਲੇ, 8900 ਮੌਤਾਂ
• ਦਿੱਲੀ – 2.53 ਲੱਖ ਮਾਮਲੇ, 5000 ਮੌਤਾਂ
• ਪੰਜਾਬ- 1 ਲੱਖ ਮਾਮਲੇ, 3 ਹਜ਼ਾਰ ਮੌਤਾਂ
ਦੱਸ ਦੇਈਏ ਕਿ ਇਨ੍ਹਾਂ ਰਾਜਾਂ ਵਿੱਚੋਂ ਦਿੱਲੀ ਅਤੇ ਪੰਜਾਬ ਉਹ ਰਾਜ ਹਨ ਜਿੱਥੇ ਪਿਛਲੇ ਕੁਝ ਸਮੇਂ ਵਿੱਚ ਕੋਰੋਨਾ ਮਾਮਲਿਆਂ ਵਿੱਚ ਜ਼ਬਰਦਸਤ ਉਛਾਲ ਸਾਹਮਣੇ ਆਇਆ ਹੈ। ਦਿੱਲੀ ਵਿੱਚ ਕੋਰੋਨਾ ਕੇਸਾਂ ਦੀ ਦੂਜੀ ਲਹਿਰ ਜਾਰੀ ਹੈ, ਜਿੱਥੇ ਟੈਸਟਿੰਗ ਵਧਣ ਨਾਲ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਜੇ ਇੱਥੇ ਦੇਸ਼ ਭਰ ਦੀ ਟੈਸਟਿੰਗ ਨੂੰ ਦੇਖਿਆ ਜਾਵੇ ਤਾਂ ਹੁਣ ਤੱਕ 6.5 ਕਰੋੜ ਤੋਂ ਵੀ ਜ਼ਿਆਦਾ ਟੈਸਟ ਕੀਤੇ ਜਾ ਚੁੱਕੇ ਹਨ । ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ 12 ਲੱਖ ਟੈਸਟ ਕੀਤੇ ਜਾ ਚੁੱਕੇ ਹਨ।