PM Modi to hold virtual meeting: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜਨਵਰੀ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ-19 ਵੈਕਸੀਨ ਦੇ ਰੋਲਆਉਟ ‘ਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਸੱਤਾਧਾਰੀ ਭਾਜਪਾ ਲੋਕਾਂ ਵਿਚਾਲੇ ਵੈਕਸੀਨ ਨਾਲ ਸਬੰਧਿਤ ਸ਼ੰਕਾਵਾਂ ਨੂੰ ਦੂਰ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਦੀ ਤਿਆਰੀ ਕਰ ਰਹੀ ਹੈ । ਦੇਸ਼ ਵਿੱਚ ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਆਕਸਫੋਰਡ ਐਸਟਰਾਜ਼ੇਨੇਕਾ ਦੀ ਕੋਵਿਸ਼ੀਲਡ ਵੈਕਸੀਨ ਨੂੰ 3 ਜਨਵਰੀ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਚੁੱਕੀ ਹੈ। ਕੋਵਿਸ਼ੀਲਡ ਦਾ ਉਤਪਾਦਨ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਕੀਤਾ ਜਾ ਰਿਹਾ ਹੈ।
ਦਰਅਸਲ, ਮੁੱਖ ਮੰਤਰੀਆਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਵਾਇਰਸ ਵਿਰੁੱਧ ਟੀਕਾਕਰਨ ਪ੍ਰੋਗਰਾਮ ਸੰਬੰਧੀ ਕੇਂਦਰ ਦੀਆਂ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ । ਵੈਕਸੀਨ ਰੋਲਆਊਟ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦੀ ਪਛਾਣ ਕਰਨ ਅਤੇ ਸਾੱਫਟਵੇਅਰ ਪਲੇਟਫਾਰਮ ਦੀ ਕਾਰਜਸ਼ੀਲ ਕੁਸ਼ਲਤਾ ਨੂੰ ਜਾਂਚਣ ਲਈ ਹਾਲ ਹੀ ਵਿੱਚ ਨੈਸ਼ਨਲ ਡ੍ਰਾਈ ਰਨ ਵੀ ਚਲਾਇਆ ਗਿਆ ਸੀ।
ਇਸ ਦੇ ਨਾਲ ਹੀ ਭਾਜਪਾ ਸੂਤਰਾਂ ਨੇ ਕਿਹਾ ਕਿ ਪਾਰਟੀ ਟੀਕਾਕਰਨ ਮੁਹਿੰਮ ਲਈ ਵੱਡੇ ਪੱਧਰ ‘ਤੇ ਪ੍ਰੋਗਰਾਮ ਚਲਾਉਣ ਦੀ ਯੋਜਨਾ ਬਣਾ ਰਹੀ ਹੈ । ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ “ਭਾਜਪਾ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਦੇਸ਼ ਵਿਆਪੀ ਮੁਹਿੰਮ ਚਲਾਏਗੀ।” ਦੇਸ਼ ਦੇ ਟੀਕੇ ਵਿਕਸਿਤ ਕੀਤੇ ਜਾਣਾ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਹੈ। ਹਰ ਮੁਹਿੰਮ ਵਿੱਚ ਪਾਰਟੀ ਦਾ ਹਰ ਆਗੂ ਸ਼ਾਮਿਲ ਹੋਵੇਗਾ, ਲੋਕਾਂ ਦੇ ਟੀਕਾਕਰਨ ਦੇ ਡਰ ਨੂੰ ਦੂਰ ਕਰਨ ਲਈ ਕੰਮ ਕੀਤਾ ਜਾਵੇਗਾ।” ਹਾਲਾਂਕਿ, ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਐਤਵਾਰ ਤੋਂ ਹੀ ਯੋਜਨਾਬੰਦੀ ਸ਼ੁਰੂ ਕਰੇਗੀ।
ਸੂਤਰਾਂ ਅਨੁਸਾਰ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ । ਰਾਜ ਸਭਾ ਅਤੇ ਲੋਕ ਸਭਾ ਦੋਵਾਂ ਦੇ ਪ੍ਰੀਜਾਈਡਿੰਗ ਅਧਿਕਾਰੀ ਸੰਸਦ ਮੈਂਬਰਾਂ ਦਾ ਵੈਕਸੀਨੇਸ਼ਨ ਪਹਿਲ ਦੇ ਅਧਾਰ ‘ਤੇ ਕਰਨ ਦੀ ਸੰਭਾਵਨਾ ‘ਤੇ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨਗੇ । ਗੌਰਤਲਬ ਹੈ ਕਿ ਵੀਰਵਾਰ ਨੂੰ ਰਾਜ ਦੇ ਸਿਹਤ ਮੰਤਰੀਆਂ ਦੀ ਬੈਠਕ ਵਿੱਚ ਬਿਹਾਰ ਦੇ ਮੰਗਲ ਪਾਂਡੇ ਨੇ ਸੁਝਾਅ ਦਿੱਤਾ ਸੀ ਕਿ ਟੀਕਾਕਰਨ ਵਿੱਚ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਦੇਖੋ: ਘਰਦਿਆਂ ਦੀ ਹੱਲਾਸ਼ੇਰੀ ਤੇ NRI ਵੀਰਾਂ ਦੀ ਮੱਦਦ ਨਾਲ ਟਿਕਰੀ ਬਾਰਡਰ ‘ਤੇ ਖੋਲ੍ਹੀ ਦਰਜ਼ੀ ਦੀ ਦੁਕਾਨ,,,