PM Modi to inaugurate: ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਨਵੰਬਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰਨਗੇ। ਦੇਵ ਦੀਵਾਲੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਨੂੰ ਕਈ ਪ੍ਰਾਜੈਕਟ ਦੇਣਗੇ । ਵਾਰਾਣਸੀ ਦੌਰੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਰਾਸ਼ਟਰੀ ਰਾਜਮਾਰਗ 19 ਦੇ ਹੰਡਿਆ (ਪ੍ਰਯਾਗਰਾਜ)-ਰਾਜਤਲਾਬ (ਵਾਰਾਣਸੀ) ਦੇ ਛੇ-ਲੇਨ ਚੌੜਾ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ।
ਲਗਭਗ 72 ਕਿਲੋਮੀਟਰ ਲੰਬੀ ਸੜਕ ਨੂੰ ਛੇ ਲੇਨ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਸੜਕ ਨੂੰ ਚੌੜਾ ਕਰਨ ਵਿੱਚ ਤਕਰੀਬਨ 2447 ਕਰੋੜ ਰੁਪਏ ਦੀ ਲਾਗਤ ਆਈ ਹੈ । ਇਸ ਸੜਕ ਦੇ ਨਿਰਮਾਣ ਨਾਲ ਪ੍ਰਯਾਗਰਾਜ ਤੋਂ ਵਾਰਾਣਸੀ ਤੱਕ ਦੀ ਦੂਰੀ ਤੈਅ ਕਰਨ ਵਿੱਚ ਸਮਾਂ ਬਚੇਗਾ ਅਤੇ ਯਾਤਰਾ ਦੌਰਾਨ ਇੱਕ ਘੰਟੇ ਦੀ ਬਚਤ ਹੋਣ ਦੀ ਉਮੀਦ ਹੈ।
ਪੀਐਮ ਮੋਦੀ ਵਾਰਾਣਸੀ ਵਿੱਚ ਦੇਵ ਦੀਵਾਲੀ ਉਤਸਵ ਦੇ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕਰਨਗੇ । ਉਹ ਕਾਸ਼ੀ ਵਿਸ਼ਵਨਾਥ ਮੰਦਰ ਦੇ ਲਾਂਘੇ ਪ੍ਰਾਜੈਕਟ ਦਾ ਜਾਇਜ਼ਾ ਵੀ ਲੈਣਗੇ ਅਤੇ ਸਾਰਨਾਥ ਪੁਰਾਤੱਤਵ ਸਥਾਨ ਦਾ ਵੀ ਦੌਰਾ ਕਰਨਗੇ । ਇੱਥੇ ਪੀਐਮ ਮੋਦੀ ਲਾਈਟ ਐਂਡ ਸਾਊਂਡ ਸ਼ੋਅ ਦਾ ਵੀ ਅਨੰਦ ਲੈਣਗੇ, ਜਿਸਦਾ ਉਦਘਾਟਨ ਉਨ੍ਹਾਂ ਨੇ ਖੁਦ ਹਾਲ ਹੀ ਵਿੱਚ ਕੀਤਾ ਸੀ । ਉੱਥੇ ਹੀ ਦੇਵ ਦੀਵਾਲੀ ਦੀ ਗੱਲ ਕਰੀਏ ਤਾਂ ਇਹ ਕਾਰਤਿਕ ਮਹੀਨੇ ਦੇ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਇਸ ਤਿਉਹਾਰ ਦੀ ਸ਼ੁਰੂਆਤ ਵਾਰਾਣਸੀ ਦੇ ਰਾਜ ਘਾਟ ਵਿਖੇ ਦੀਵੇ ਜਗਾ ਕੇ ਕਰਨਗੇ । ਇਸ ਦੌਰਾਨ ਵਾਰਾਣਸੀ ਵਿੱਚ ਗੰਗਾ ਨਦੀ ਦੇ ਦੋਵਾਂ ਕਿਨਾਰਿਆਂ ‘ਤੇ 11 ਲੱਖ ਦੀਵੇ ਜਗਾਏ ਜਾਣਗੇ ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਸੋਮਵਾਰ 30 ਨਵੰਬਰ ਨੂੰ ਸਾਢੇ ਛੇ ਘੰਟੇ ਵਾਰਾਣਸੀ ਵਿੱਚ ਰਹਿਣਗੇ । ਇਸ ਦੌਰਾਨ ਉਹ ਬਾਬਾ ਵਿਸ਼ਵਨਾਥ ਦੇ ਵੀ ਦਰਸ਼ਨ ਕਰਨਗੇ । ਨਾਲ ਹੀ, ਉਹ ਗੰਗਾ ਨਦੀ ‘ਤੇ ਤਾਇਨਾਤ ਕਰੂਜ਼ ਤੋਂ ਦੇਵ ਦੀਵਾਲੀ ਵੀ ਵੇਖਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਾਰਾਣਸੀ ਦਾ ਦੌਰਾ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ ।
ਇਹ ਵੀ ਦੇਖੋ: ਪੰਜਾਬ 84 ਲਿਖਣ ਵਾਲਾ ਮਾਵੀ ਵੀ ਫਿਰਦਾ ਕਿਸਾਨਾਂ ‘ਚ ਦਿੱਲੀ, ਬੋਲਣ ਵਾਲੇ ਕੱਢ ਦਿਤੇ ਚੰਗਿਆੜੇ