PM Modi to meet chief ministers today: ਨਵੀਂ ਦਿੱਲੀ: ਕੋਰੋਨਾ ਵੈਕਸੀਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅੱਜ ਮੁੱਖ ਮੰਤਰੀਆਂ ਨਾਲ ਇੱਕ ਵੱਡੀ ਬੈਠਕ ਕਰਨ ਜਾ ਰਹੇ ਹਨ । ਇਹ ਬੈਠਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਵੈਕਸੀਨ ਦਾ ਸਾਰਾ ਬਲੂਪ੍ਰਿੰਟ ਦੇਸ਼ ਦੇ ਸਾਹਮਣੇ ਰੱਖ ਸਕਦੇ ਹਨ । ਉਦਾਹਰਣ ਦੇ ਲਈ ਵੈਕਸੀਨ ਕਿੰਨੇ ਵਿੱਚ ਮਿਲੇਗੀ, ਕਿਹੜੇ ਰਾਜਾਂ ਵਿੱਚ ਮੁਫ਼ਤ ਮਿਲਣ ਵਾਲੀ ਹੈ। ਸ਼ਾਮ 4 ਵਜੇ ਹੋਣ ਵਾਲੀ ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀਆਂ ਨਾਲ ਦੋਵਾਂ ਵੈਕਸੀਨ ਯਾਨੀ ਕੋਵੀਸ਼ੀਲਡ ਅਤੇ ਕੋਵੈਕਸਿਨ ਦੀ ਸਪਲਾਈ ਚੇਨ ਅਤੇ ਉਸਦੇ ਰਾਜਾਂ ਨੂੰ ਮਿਲਣ ਵਾਲੇ ਹਿੱਸਿਆਂ ‘ਤੇ ਗੱਲਬਾਤ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ 16 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਕੋਰੋਨਾ ਦੇ ਟੀਕਾਕਰਨ ਨੂੰ ਲੈ ਕੇ ਇੱਕ ਵਿਆਪਕ ਮੁਹਿੰਮ ਚੱਲ ਰਹੀ ਹੈ। ਇਸ ਸਬੰਧ ਵਿੱਚ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਰਿਹਰਸਲ ਵੀ ਕੀਤੀ ਗਈ ਸੀ । ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਬਣਾਈ ਗਈ ਆਕਸਫੋਰਡ ਦੇ ਕੋਵਿਡ-19 ਟੀਕੇ ਕੋਵੀਸ਼ਿਲਡ ਤੇ ਭਾਰਤ ਬਾਇਓਟੈਕ ਦੇ ਸਵਦੇਸ਼ ਵਿੱਚ ਵਿਕਸਿਤ ਟੀਕੇ ‘ਕੋਵੈਕਸੀਨ’ ਦੇ ਦੇਸ਼ ਵਿੱਚ ਸੀਮਿਤ ਐਮਰਜੈਂਸੀ ਵਰਤੋਂ ਨੂੰ ਭਾਰਤ ਦੇ ਡਰੱਗ ਰੈਗੂਲੇਟਰ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ।
ਇਸ ਪੂਰੇ ਮਾਮਲੇ ਵਿੱਚ ਅਸਲ ਪੇਚ ਵੈਕਸੀਨ ਦੀ ਕੀਮਤ ਨੂੰ ਲੈ ਕੇ ਫਸਿਆ ਹੋਇਆ ਹੈ। ਕਈ ਰਾਜਾਂ ਨੇ ਬੈਠਕ ਤੋਂ ਪਹਿਲਾਂ ਹੀ ਵੈਕਸੀਨ ਮੁਫਤ ਦੇਣ ਦੀ ਮੰਗ ਚੁੱਕੀ ਹੈ। ਇਨ੍ਹਾਂ ਰਾਜਾਂ ਵਿੱਚ ਰਾਜਸਥਾਨ, ਦਿੱਲੀ ਅਤੇ ਛੱਤੀਸਗੜ ਹਨ, ਉੱਥੇ ਹੀ ਕੁਝ ਰਾਜ ਖ਼ੁਦ ਹੀ ਵੈਕਸੀਨ ਮੁਫ਼ਤ ਵੰਡਣ ਦੀ ਗੱਲ ਕਰ ਰਹੇ ਹਨ । ਇਹ ਰਾਜ ਪੱਛਮੀ ਬੰਗਾਲ, ਦਿੱਲੀ, ਮੱਧ ਪ੍ਰਦੇਸ਼, ਕੇਰਲ, ਓਡੀਸ਼ਾ, ਅਸਾਮ, ਤੇਲੰਗਾਨਾ, ਤਾਮਿਲਨਾਡੂ ਅਤੇ ਕਰਨਾਟਕ ਹਨ।
ਦੱਸ ਦੇਈਏ ਕਿ ਕੋਰੋਨਾ ਕਾਲ ਦੌਰਾਨ ਰਾਜਾਂ ਨੂੰ ਕਈ ਤਰ੍ਹਾਂ ਦਾ ਘਾਟਾ ਸਹਿਣਾ ਪਿਆ ਹੈ । ਅਜਿਹੀ ਸਥਿਤੀ ਵਿੱਚ ਹਿਮਾਚਲ ਦੇ ਸੀਐਮ ਜੈਰਾਮ ਠਾਕੁਰ ਨੇ ਕਿਹਾ ਕਿ ਜੇ ਕਾਬਲ ਲੋਕਾਂ ਨੂੰ ਪੈਸੇ ਦੇਣੇ ਪੈਣ ਤਾਂ ਵੀ ਕੁਝ ਗਲਤ ਨਹੀਂ ਹੈ । ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਰਾਜ ਵਿੱਚ ਸਾਰਿਆਂ ਨੂੰ ਮੁਫਤ ਟੀਕਾ ਦੇਣ ਦਾ ਐਲਾਨ ਕੀਤਾ ਹੈ । ਟੀਐਮਸੀ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਨੇ ਬਜਟ ਨੂੰ ਧਿਆਨ ਵਿੱਚ ਰੱਖਦਿਆਂ ਐਲਾਨ ਕੀਤਾ ਹੈ ।