PM Modi to visit Assam: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਸਾਮ ਅਤੇ ਬੰਗਾਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੋਵਾਂ ਰਾਜਾਂ ਵਿੱਚ ਕਈ ਯੋਜਨਾਵਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਕਰੀਬ 4.30 ਵਜੇ ਪੱਛਮੀ ਬੰਗਾਲ ਦੇ ਹੁਗਲੀ ਵਿੱਚ ਕਈ ਰੇਲ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ । ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕੋਲਕਾਤਾ ਮੈਟਰੋ ਨੂੰ ਨੋਆਪਾੜਾ ਤੋਂ ਦੱਖਣੀਸ਼ਵਰ ਤੱਕ ਹਰੀ ਝੰਡੀ ਦੇਣਗੇ । ਤਕਰੀਬਨ 4 ਕਿਲੋਮੀਟਰ ਦੇ ਇਸ ਵਿਸਥਾਰ ਦਾ ਨਿਰਮਾਣ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ ਅਤੇ ਇਸ ‘ਤੇ 464 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਨਵਾਂ ਵਿਸਥਾਰ ਲੱਖਾਂ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਕਾਲੀਘਾਟ ਅਤੇ ਦੱਖਣੀਸ਼ਵਰ ਸਥਿਤ ਦੋ ਵਿਸ਼ਵ ਪ੍ਰਸਿੱਧ ਕਾਲੀ ਮੰਦਰਾਂ ਵਿੱਚ ਪਹੁੰਚਣਾ ਸੌਖਾ ਬਣਾਏਗਾ।
ਦਰਅਸਲ, ਇਸ ਸਬੰਧੀ ਪੀਐਮ ਮੋਦੀ ਨੇ ਵੀ ਟਵੀਟ ਕਰਕੇ ਉਦਘਾਟਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ । ਨੋਆਪਾੜਾ ਤੋਂ ਦੱਖਣੀਸ਼ਵਰ ਤੱਕ ਮੈਟਰੋ ਵਿਸਥਾਰ ਦਾ ਉਦਘਾਟਨ ਹੁਗਲੀ ਤੋਂ ਹੋਵੇਗਾ । ਇਹ ਪ੍ਰਾਜੈਕਟ ਵਿਸ਼ੇਸ਼ ਹੈ ਕਿਉਂਕਿ ਇਹ ਮਾਂ ਕਾਲੀ, ਕਾਲੀਘਾਟ ਅਤੇ ਦੱਖਣੀਸ਼ਵਰ ਦੇ ਦੋ ਪਵਿੱਤਰ ਮੰਦਰਾਂ ਵਿਚਕਾਰ ਆਵਾਜਾਈ ਦੀ ਸਹੂਲਤ ਦੇਵੇਗਾ। ਇਹ ਮੰਦਰ ਭਾਰਤ ਦੇ ਮਹਾਨ ਸਭਿਆਚਾਰ ਦੇ ਜੀਵੰਤ ਪ੍ਰਤੀਕ ਹਨ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਟਵੀਟ ਕੀਤਾ ਹੈ, “ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਬਾਰਾਨਗਰ ਅਤੇ ਦੱਖਣੀਸ਼ਵਰ ਦੇ ਦੋ ਨਵੇਂ ਬਣੇ ਸਟੇਸ਼ਨਾਂ ਵਿੱਚ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਹਨ ਜੋ ਜ਼ਿੰਦਗੀ ਨੂੰ ਸੌਖਾ ਬਣਾ ਦੇਣਗੀਆਂ। ਉਨ੍ਹਾਂ ਦਾ ਸ਼ਾਸਤਰਾਂ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ।”
ਦੱਸ ਦੇਈਏ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੁਗਲੀ ਦੇ ਡਨਲਪ ਗਰਾਉਂਡ ਵਿਖੇ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਆਪਣੇ ਬੰਗਾਲ ਦੌਰੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਕਈ ਹੋਰ ਰੇਲਵੇ ਲਾਈਨਾਂ ਸਮਰਪਿਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਬੰਗਾਲ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਸੀਐਮ ਮਮਤਾ ਬੈਨਰਜੀ ਵੀ ਉਦਘਾਟਨ ਅਤੇ ਨੀਂਹ ਪੱਥਰ ਰੱਖ ਰਹੇ ਹਨ ਕਿਉਂਕਿ ਚੋਣ ਤਰੀਕ ਦੀ ਘੋਸ਼ਣਾ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਜਿਸ ਤੋਂ ਬਾਅਦ ਸਰਕਾਰਾਂ ਕੋਈ ਐਲਾਨ ਨਹੀਂ ਕਰ ਸਕਣਗੀਆਂ।