ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਨੂੰ ਆਪਣੀ ਮਾਂ ਹੀਰਾਬੇਨ ਮੋਦੀ ਦੇ 100ਵੇਂ ਜਨਮ ਦਿਨ ਦੇ ਮੌਕੇ ਗੁਜਰਾਤ ਦਾ ਦੌਰਾ ਕਰਨਗੇ । ਉੱਥੇ ਹੀ ਹੀਰਾਬੇਨ ਮੋਦੀ ਦੇ ਜਨਮ ਦਿਨ ਨੂੰ ਖਾਸ ਬਣਾਉਂਦੇ ਹੋਏ ਗਾਂਧੀਨਗਰ ਦੇ ਰਾਇਸਨ ਪੈਟਰੋਲ ਪੰਪ ਤੋਂ 80 ਮੀਟਰ ਸੜਕ ਦਾ ਨਾਮ ਬਦਲ ਕੇ ਹੀਰਾ ਮਾਰਗ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਪੀਐਮ ਮੋਦੀ 17 ਅਤੇ 18 ਜੂਨ ਨੂੰ ਦੋ ਦਿਨਾਂ ਗੁਜਰਾਤ ਦੌਰੇ ‘ਤੇ ਆਉਣ ਵਾਲੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਪੀਐੱਮ ਮੋਦੀ ਆਪਣੀ ਮਾਂ ਨੂੰ ਮਿਲਣ ਤੋਂ ਬਾਅਦ ਪਾਵਾਗੜ੍ਹ ਸਥਿਤ ਮਾਂ ਕਾਲੀ ਦੇ ਮੰਦਰ ਵਿੱਚ ਝੰਡਾ ਲਹਿਰਾਉਣਗੇ । ਉਹ ਵਡੋਦਰਾ ਵਿੱਚ ਇੱਕ ਰੈਲੀ ਨੂੰ ਵੀ ਸੰਬੋਧਿਤ ਕਰਨਗੇ। ਇਸ ਸਬੰਧੀ ਗਾਂਧੀਨਗਰ ਦੇ ਮੇਅਰ ਹਿਤੇਸ਼ ਮਕਵਾਨਾ ਨੇ ਕਿਹਾ ਕਿ ਜਦੋਂ ਹੀਰਾਬਾ ਆਪਣੇ 100ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੀ ਹੈ, ਅਸੀਂ ਰਾਏਸਾਨ ਖੇਤਰ ਵਿੱਚ 80 ਮੀਟਰ ਸੜਕ ਦਾ ਨਾਮ ਹੀਰਾ ਮਾਰਗ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਣ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਗਾਂਧੀਨਗਰ ਸ਼ਹਿਰ ਦੇ ਬਾਹਰਵਾਰ ਰਾਏਸਾਨ ਪਿੰਡ ਵਿੱਚ ਆਪਣੇ ਸਭ ਤੋਂ ਛੋਟੇ ਬੇਟੇ ਪੰਕਜ ਮੋਦੀ ਨਾਲ ਰਹਿੰਦੀ ਹੈ। ਹੀਰਾਬਾ ਦੇ ਪੁੱਤਰਾਂ ਵੱਲੋਂ ਵਡਨਗਰ ਵਿੱਚ ਇੱਕ ਵੱਡਾ ਤਿਉਹਾਰ ਵੀ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪੁੱਤਰ ਪ੍ਰਹਿਲਾਦ ਮੋਦੀ ਦੇ ਅਨੁਸਾਰ ਜਿਵੇਂ ਹੀ ਹੀਰਾਬਾ ਸ਼ਤਾਬਦੀ ਵੱਲ ਵਧ ਰਹੀ ਹੈ, ਅਸੀਂ ਵਡਨਗਰ ਦੇ ਹਟਕੇਸ਼ਵਰ ਮੰਦਰ ਵਿੱਚ ਨਵ ਚੰਡੀ ਯੱਗ ਅਤੇ ਸੁੰਦਰ ਕਾਂਡ ਦੇ ਪਾਠ ਦਾ ਆਯੋਜਨ ਕੀਤਾ ਹੈ। ਇਸ ਮੌਕੇ ਮੰਦਰ ਵਿੱਚ ਸੰਗੀਤ ਸੰਧਿਆ ਦਾ ਆਯੋਜਨ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਵਿੱਚ ਪੀਐੱਮ ਮੋਦੀ ਦਾ ਇਹ ਦੂਜਾ ਗੁਜਰਾਤ ਦੌਰਾ ਹੈ। ਇਸ ਤੋਂ ਪਹਿਲਾਂ 10 ਜੂਨ ਨੂੰ ਆਪਣੇ ਪਹਿਲੇ ਦੌਰੇ ਦੌਰਾਨ ਉਨ੍ਹਾਂ ਨੇ ਨਵਸਾਰੀ ਦੇ ਆਦਿਵਾਸੀ ਖੇਤਰ ਵਿੱਚ 3050 ਕਰੋੜ ਰੁਪਏ ਦੀਆਂ 7 ਯੋਜਨਾਵਾਂ ਦਾ ਉਦਘਾਟਨ ਕੀਤਾ ਤੇ ਖੇਤਰ ਵਿੱਚ ਪਾਣੀ ਦੀ ਪੂਰਤੀ ਵਿੱਚ ਸੁਧਾਰ ਦੇ ਉਦੇਸ਼ ਨਾਲ 14 ਤੋਂ ਵੱਧ ਹੋਰ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਸੀ।
ਵੀਡੀਓ ਲਈ ਕਲਿੱਕ ਕਰੋ -: