PM Narendra Modi appointed chairman: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀ ਸੋਮਨਾਥ ਟਰੱਸਟ ਦੇ ਨਵੇਂ ਚੇਅਰਮੈਨ ਚੁਣੇ ਗਏ ਹਨ। ਉਨ੍ਹਾਂ ਨੂੰ ਸਰਬਸੰਮਤੀ ਨਾਲ ਕੇਸ਼ੂਭਾਈ ਪਟੇਲ ਦੇ ਖਾਲੀ ਅਹੁਦੇ ਲਈ ਚੁਣਿਆ ਗਿਆ ਹੈ । ਪ੍ਰਧਾਨਮੰਤਰੀ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸ਼੍ਰੀ ਸੋਮਨਾਥ ਟਰੱਸਟ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ । ਸਾਰੇ ਟਰੱਸਟੀਆਂ ਨੇ ਟਰੱਸਟ ਦੇ ਸਾਬਕਾ ਚੇਅਰਮੈਨ ਕੇਸ਼ੂਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਰੱਸਟ ਦਾ ਨਵਾਂ ਚੇਅਰਮੈਨ ਚੁਣਿਆ।
ਦਰਅਸਲ, ਸੋਮਵਾਰ ਨੂੰ ਸੋਮਨਾਥ ਟਰੱਸਟ ਦੀ ਆਨਲਾਈਨ ਬੈਠਕ ਹੋਈ, ਜਿਸ ਵਿੱਚ ਟਰੱਸਟ ਦੇ ਸਾਰੇ ਛੇ ਮੈਂਬਰਾਂ ਨੇ ਹਿੱਸਾ ਲਿਆ । ਇਸ ਬੈਠਕ ਵਿੱਚ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਦਾ ਚੇਅਰਮੈਨ ਚੁਣਿਆ। ਜ਼ਿਕਰਯੋਗ ਹੈ ਕਿ ਟਰੱਸਟ ਦੀ ਅਗਲੀ ਬੈਠਕ ਸਤੰਬਰ 2021 ਵਿੱਚ ਹੋਵੇਗੀ ਜਿਸ ਵਿੱਚ 2 ਨਵੇਂ ਟਰੱਸਟੀ ਚੁਣੇ ਜਾਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਜ਼ਿੰਮੇਵਾਰੀ ਸੰਭਾਲਦਿਆਂ ਸੋਮਨਾਥ ਟਰੱਸਟ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਆਸ ਪ੍ਰਗਟਾਈ ਕਿ ਸੋਮਨਾਥ ਮੰਦਿਰ ਟਰੱਸਟ ਦੇ ਮੁੱਢਲੇ ਸਰੋਤਾਂ ਸਮੇਤ ਸ਼ਰਧਾਲੂਆਂ ਦੀਆਂ ਸਹੂਲਤਾਂ ਤੇਜ਼ੀ ਨਾਲ ਵਿਕਸਤ ਹੋਣਗੀਆਂ । ਮੀਟਿੰਗ ਦੌਰਾਨ ਟਰੱਸਟ ਦੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ । ਇਸ ਟਰੱਸਟ ਦੇ ਪਿਛਲੇ ਸਮੇਂ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਚੇਅਰਮੈਨ ਰਹਿ ਚੁੱਕੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ, ਕਨ੍ਹਈਆ ਲਾਲ ਮਾਣਿਕਲਾਲ ਮੁਨਸ਼ੀ ਵੀ ਟਰੱਸਟ ਦੇ ਚੇਅਰਮੈਨ ਰਹਿ ਚੁੱਕੇ ਹਨ।
ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਮਨਾਥ ਮੰਦਿਰ ਟਰੱਸਟ ਦਾ ਪ੍ਰਧਾਨ ਬਣਨ ‘ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, “ਮੈਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸੋਮਨਾਥ ਮੰਦਰ ਟਰੱਸਟ ਦਾ ਪ੍ਰਧਾਨ ਬਣਨ ‘ਤੇ ਤਹਿ ਦਿਲੋਂ ਵਧਾਈ ਦਿੰਦਾ ਹਾਂ। ਸੋਮਨਾਥ ਤੀਰਥ ਖੇਤਰ ਦੇ ਵਿਕਾਸ ਲਈ ਮੋਦੀ ਜੀ ਦਾ ਸਮਰਪਣ ਅਦਭੁੱਤ ਰਿਹਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਟਰੱਸਟ, ਸੋਮਨਾਥ ਮੰਦਿਰ ਦਾ ਮਾਣ ਅਤੇ ਸ਼ਾਨ ਨੂੰ ਵਧਾਏਗਾ।”