PM Narendra Modi condemns: ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀਆਂ ਵੱਲੋਂ ਭਾਜਪਾ ਦੇ ਤਿੰਨ ਵਰਕਰਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਰ ਉਤਾਰ ਦਿੱਤੇ ਜਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਹੈ । ਇਸ ਸਬੰਧੀ ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਸਾਡੇ ਤਿੰਨ ਨੌਜਵਾਨ ਵਰਕਰਾਂ ਦੇ ਕਤਲ ਦੀ ਨਿੰਦਾ ਕਰਦਾ ਹਾਂ । ਉਹ ਜੰਮੂ-ਕਸ਼ਮੀਰ ਵਿੱਚ ਚੰਗਾ ਕੰਮ ਕਰ ਰਹੇ ਸੀ। ਸੋਗ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ । ਉਨ੍ਹਾਂ ਦੀਆਂ ਆਤਮਾ ਨੂੰ ਸ਼ਾਂਤੀ ਮਿਲੇ।
ਤੁਹਾਨੂੰ ਦੱਸ ਦੇਈਏ ਕਿ ਲਸ਼ਕਰ-ਏ-ਤੋਇਬਾ ਦੀ ਇੱਕ ਮੁਖੌਟਾ ਸੰਗਠਨ ਮੰਨੀ ਜਾਣ ਵਾਲੀ ਦ ਰੇਜ਼ਿਸਟੈਂਟ ਫਰੰਟ (TRF) ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ । ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਕੁਲਗਾਮ ਜ਼ਿਲ੍ਹੇ ਦੇ ਵਾਈਕੇ ਪੋਰਾ ਇਲਾਕੇ ਵਿੱਚ ਫਿਦਾ ਹੁਸੈਨ, ਉਮਰ ਹਜ਼ਮ ਅਤੇ ਉਮਰ ਰਾਸ਼ਿਦ ਬੇਗ ਦਾ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ।
ਉਨ੍ਹਾਂ ਦੱਸਿਆ ਕਿ ਪੀੜਤ ਲੋਕਾਂ ਨੂੰ ਤੁਰੰਤ ਕਾਜ਼ੀਗੁੰਡ ਦੇ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਟੀਆਰਐਫ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਹਿੰਦੀ ਅਤੇ ਇੰਗਲਿਸ਼ ਵਿੱਚ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਕਿਹਾ ਕਿ ਕਬਰਿਸਤਾਨ ਭਰ ਜਾਣਗੇ । ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀ ਰਾਜਨੀਤਿਕ ਵਰਕਰਾਂ ਦੇ ਕਤਲ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਿੰਸਾ ਦੇ ਦੋਸ਼ੀ ਮਨੁੱਖਤਾ ਦੇ ਦੁਸ਼ਮਣ ਹਨ ਅਤੇ ਅਜਿਹੀਆਂ ਕਾਇਰਤਾ ਭਰੀਆਂ ਹਰਕਤਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ । ਜੰਮੂ ਕਸ਼ਮੀਰ ਵਿੱਚ ਜੂਨ ਤੋਂ ਹੀ ਭਾਜਪਾ ਵਰਕਰਾਂ ਅਤੇ ਨੇਤਾਵਾਂ ‘ਤੇ ਅੱਤਵਾਦੀ ਹਮਲੇ ਵਧੇ ਹਨ। ਹੁਣ ਤੱਕ ਸੱਤ ਲੋਕਾਂ ਦਾ ਕਤਲ ਕੀਤਾ ਜਾ ਚੁੱਕਿਆ ਹੈ। ਜੁਲਾਈ ਵਿੱਚ ਬਾਂਦੀਪੁਰਾ ਵਿੱਚ ਵੀ ਇਸੇ ਤਰ੍ਹਾਂ ਦੇ ਹਮਲੇ ਵਿੱਚ ਭਾਜਪਾ ਨੇਤਾ, ਉਨ੍ਹਾਂ ਦੇ ਪਿਤਾ ਅਤੇ ਭਰਾ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ।