PM Narendra Modi to address: ਨਵੀਂ ਦਿੱਲੀ: ਦੁਸਹਿਰੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਵੇਰੇ 11 ਵਜੇ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ 70ਵਾਂ ਐਪੀਸੋਡ ਹੋਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਬਿਹਾਰ ਚੋਣਾਂ ਤੋਂ ਲੈ ਕੇ ਕੋਰੋਨਾ ਵੈਕਸੀਨ ਅਤੇ ਤਿਉਹਾਰਾਂ ਬਾਰੇ ਜ਼ਿਕਰ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਦੇਸ਼ ਦੇ ਨਾਮ ਦੇ ਸੰਬੋਧਨ ਵਿੱਚ ਕੋਰੋਨਾ ਬਾਰੇ ਚੇਤਾਵਨੀ ਦਿੱਤੀ ਸੀ।
ਇਸ ਸਬੰਧੀ ਪ੍ਰਧਾਨ ਮੰਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਦੇਸ਼ ਵਾਸੀਆਂ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਸੁਣਨ ਦੀ ਅਪੀਲ ਕੀਤੀ ਹੈ। ਦੇਸ਼ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਲਈ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮ ‘ਤੇ ਵਿਚਾਰ ਅਤੇ ਸੁਝਾਅ ਮੰਗੇ ਗਏ ਹਨ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਚੋਣਾਂ ਲਈ ਆਪਣੀ ਪਹਿਲੀ ਰੈਲੀ ਵਿੱਚ ਵਿਰੋਧੀ ਧਿਰਾਂ ਖ਼ਾਸਕਰ ਕਾਂਗਰਸ ਖ਼ਿਲਾਫ਼ ਜ਼ੋਰਦਾਰ ਨਿਸ਼ਾਨਾ ਸਾਧਿਆ ਸੀ।
ਦਰਅਸਲ, ਪੀਐਮ ਮੋਦੀ ਨੇ ਬਿਹਾਰ ਵਿੱਚ ਆਪਣੀ ਚੋਣ ਰੈਲੀ ਦੀ ਸ਼ੁਰੂਆਤ ਸਾਸਾਰਾਮ ਤੋਂ ਕੀਤੀ ਹੈ । ਇਸ ਤੋਂ ਪਹਿਲਾਂ ਰਾਸ਼ਟਰ ਨੂੰ ਦਿੱਤੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਵੇਂ ਹੀ ਲਾਕਡਾਊਨ ਚਲਾ ਗਿਆ ਹੈ, ਪਰ ਵਾਇਰਸ ਨਹੀਂ ਗਿਆ ਹੈ।” ਉਨ੍ਹਾਂ ਕਿਹਾ ਸੀ ਕਿ ਪਿਛਲੇ 7 ਤੋਂ 8 ਮਹੀਨਿਆਂ ਵਿੱਚ ਹਰ ਭਾਰਤੀ ਦੇ ਯਤਨਾਂ ਸਦਕਾ ਭਾਰਤ ਅੱਜ ਜਿਹੜੀ ਸਥਿਤੀ ਵਿੱਚ ਹੈ, ਉਸ ਨੂੰ ਵਿਗੜਣ ਨਹੀਂ ਦੇਣਾ ਹੈ ਅਤੇ ਉਸ ਵਿੱਚ ਵਧੇਰੇ ਸੁਧਾਰ ਕਰਨਾ ਹੈ ।
ਦੱਸ ਦੇਈਏ ਕਿ ਪਿਛਲੀ ਵਾਰ 27 ਸਤੰਬਰ ਨੂੰ ਮਨ ਕੀ ਬਾਤ ਦਾ ਪ੍ਰੋਗਰਾਮ ਹੋਇਆ ਸੀ । ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਖੇਤੀਬਾੜੀ ਕਾਨੂੰਨ ਸਮੇਤ ਕਈ ਮੁੱਦਿਆਂ ‘ਤੇ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ ਕਾਨੂੰਨ ਦਾ ਜ਼ੋਰਦਾਰ ਬਚਾਅ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਆਪਣੇ ਫਲ ਅਤੇ ਸਬਜ਼ੀਆਂ ਕਿਤੇ ਵੀ, ਕਿਸੇ ਨੂੰ ਵੀ ਵੇਚਣ ਦੀ ਤਾਕਤ ਹੈ ਅਤੇ ਇਹ ਸ਼ਕਤੀ ਉਨ੍ਹਾਂ ਦੀ ਤਰੱਕੀ ਦਾ ਅਧਾਰ ਹੈ।