PMIS Disease Detected: ਮੁੰਬਈ: ਦੇਸ਼ ਵਿੱਚ ਮਹਾਂਰਾਸ਼ਟਰ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਜੂਝ ਰਿਹਾ ਹੈ । ਦੂਜੇ ਪਾਸੇ ਹੁਣ ਬੱਚਿਆਂ ਵਿੱਚ ਵੱਖ-ਵੱਖ ਕਿਸਮਾਂ ਦੀਆਂ ਬਿਮਾਰੀਆਂ ਵੇਖੀਆਂ ਜਾ ਰਹੀਆਂ ਹਨ। ਮੁੰਬਈ ਦੇ ਵਾਡੀਆ ਹਸਪਤਾਲ ਵਿੱਚ ਹੁਣ ਤੱਕ ਕੋਰੋਨਾ ਪਾਜ਼ੀਟਿਵ 100 ਬੱਚਿਆਂ ਨੂੰ ਭਰਤੀ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 18 ਬੱਚੇ PMIS ਯਾਨੀ Paediatric Multisystem Inflammatory Syndrome ਦਾ ਸ਼ਿਕਾਰ ਪਾਏ ਗਏ ਹਨ।
ਡਾਕਟਰਾਂ ਅਨੁਸਾਰ PMIS ਦੇ ਲੱਛਣ ਆਮ ਹਨ, ਜਿਵੇਂ ਕਿ ਬੁਖਾਰ, ਚਮੜੀ ਵਿੱਚ ਰੈਸ਼ ਹੋਣਾ, ਅੱਖਾਂ ਵਿੱਚ ਜਲਣ, ਪੇਟ ਸਬੰਧੀ ਬਿਮਾਰੀਆਂ। ਇਸ ਬਿਮਾਰੀ ਦੇ ਲੱਛਣ 10 ਮਹੀਨਿਆਂ ਤੋਂ 15 ਸਾਲ ਦੇ ਬੱਚਿਆਂ ਵਿੱਚ ਵੇਖੇ ਗਏ, ਜਿਸ ਕਾਰਨ ਡਾਕਟਰਾਂ ਦੀ ਚਿੰਤਾ ਵੱਧ ਗਈ ਹੈ । ਰਿਪੋਰਟਾਂ ਅਨੁਸਾਰ, ਇਨ੍ਹਾਂ 18 ਵਿੱਚੋਂ 2 ਬੱਚਿਆਂ ਦੀ ਮੌਤ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਇਸ ਬਿਮਾਰੀ ਨਾਲ ਹੋਈ ਹੈ । ਵਾਡੀਆ ਹਸਪਤਾਲ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੂੰ ਇਸ ਦੀ ਜਾਣਕਾਰੀ ਦਿੱਤੀ ਹੈ । ਇਸ ਦਾ ਡਾਟਾ ਹੋਰ ਥਾਵਾਂ ਤੋਂ ਵੀ ਮੰਗਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ SRCC ਚਿਲਡਰਨਜ਼ ਹਸਪਤਾਲ ਦੇ ਬਾਲ ਰੋਗ ਵਿਗਿਆਨੀ ਅਤੇ ਕ੍ਰਿਟੀਕਲ ਕੇਅਰ ਸੁਸਾਇਟੀ ਦੇ ਸਕੱਤਰ ਡਾ ਅਮੀਸ਼ ਵੋਰਾ ਨੇ ਇਸ ਬਿਮਾਰੀ ਦੇ ਕੁਝ ਲੱਛਣ ਦੱਸੇ ਹਨ। ਉਨ੍ਹਾਂ ਅਨੁਸਾਰ, ‘ਪੇਟ ਦੇ ਦਰਦ ਦੇ ਨਾਲ-ਨਾਲ ਦੋ ਤੋਂ ਤਿੰਨ ਦਿਨਾਂ ਤੱਕ ਬੁਖਾਰ ਹੁੰਦਾ ਹੈ। ਲੂਜ਼ ਮੋਸ਼ਨ ਦੀ ਵੀ ਸ਼ਿਕਾਇਤ ਹੈ। ਜ਼ਿਆਦਾਤਰ 100% ਮਰੀਜ਼ਾਂ ਨੂੰ ਬੁਖਾਰ ਹੁੰਦਾ ਹੈ, 80% ਨੂੰ ਲੂਜ਼ ਮੋਸ਼ਨ ਅਤੇ ਉਲਟੀਆਂ ਹੁੰਦੀਆਂ ਹਨ। 60% ਬੱਚਿਆਂ ਦੀਆਂ ਅੱਖਾਂ ਲਾਲ ਹੁੰਦੀਆਂ ਹਨ ਅਤੇ ਹੋਰਾਂ ਦੇ ਸਰੀਰ ‘ਤੇ ਰੈਸ਼ਜ਼ ਹੁੰਦੇ ਹਨ। ਇਸ ਨੂੰ ਧਿਆਨ ਨਾਲ ਵੇਖਣ ਦੀ ਜ਼ਰੂਰਤ ਹੈ। ਹਾਲਾਂਕਿ, ਡਾਕਟਰ ਇਨ੍ਹਾਂ ਮਾਮਲਿਆਂ ‘ਤੇ ਖੋਜ ਕਰ ਰਹੇ ਹਨ। ICMR ਨੂੰ ਉਨ੍ਹਾਂ ਦੀਆਂ ਖੋਜਾਂ ਬਾਰੇ ਦੱਸਿਆ ਜਾ ਰਿਹਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲੇ ਜੂਨ ਤੋਂ ਮੁੰਬਈ ਵਿੱਚ ਸਾਹਮਣੇ ਆਏ ਹਨ । ਅਜਿਹੇ ਕੇਸ ਚੇੱਨਈ, ਦਿੱਲੀ ਅਤੇ ਜੈਪੁਰ ਵਿੱਚ ਵੀ ਸਾਹਮਣੇ ਆਏ ਹਨ ।